ਕਾਲੀ ਤੇਰੀ ਗੁੱਤ ਤੇ ਪਰਾਂਦਾ …

ਪੰਜਾਬੀ ਮੁਟਿਆਰ ਦੀ ਸੁੰਦਰਤਾ ਦਾ ਸ਼ਿੰਗਾਰ ਹੈ, ਪਰਾਂਦਾ। ਪੰਜਾਬੀ ਮੁਟਿਆਰਾਂ ਦੇ ਲੰਮੇ ਵਾਲ ਉਨ੍ਹਾਂ ਦੀ ਸੰੁਦਰਤਾ ਨੂੰ ਹੋਰ ਵੀ ਚਾਰ-ਚੰਨ ਲਾਉਂਦੇ ਹਨ। ਵਾਲ ਜਿੱਥੇ ਔਰਤ ਦੇ ਸੁਹੱਪਣ ਨੂੰ ਚਾਰ-ਚੰਨ ਲਾਉਂਦੇ ਹਨ, ਉੱਥੇ ਪਰਾਂਦਾ ਉਸ ਨੂੰ ਪੰਜਾਬਣ ਹੋਣ ਦਾ ਮਾਣ ਦਿਵਾਉਂਦਾ ਹੈ। ਜੇ ਮੁਟਿਆਰ ਦਾ ਕੱਦ ਸਰੂ ਵਰਗਾ, ਗੋਰਾ ਰੰਗ ਅਤੇ ਪੈਰੀਂ ਮੁਲਤਾਨੀ ਜੁੱਤੀ ਤੇ ਗੁੱਤ ਵਿੱਚ ਲਾਲ ਪਰਾਂਦਾ ਪਾਇਆ ਹੋਵੇ ਤਾਂ ਗੀਤਕਾਰ ਦੀ ਕਲਮ ਇੰਜ ਲਿਖਣੋਂ ਰਹਿ ਨਹੀਂ ਸਕਦੀ:
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀਂ,
ਰੂਪ ਦੀਏ ਰਾਣੀਏ ਰੂਪ ਨੂੰ ਸੰਭਾਲ ਨੀਂ
ਪਰਾਂਦੇ ਦੀ ਬਣਤਰ ਰੇਸ਼ਮੀ ਧਾਗੇ ਅਤੇ ਸੂਤੀ ਧਾਗੇ ਦੇ ਨਾਲ ਵੱਖ-ਵੱਖ ਰੰਗਾਂ ਦੇ ਧਾਗੇ ਵਰਤ ਕੇ ਕੀਤੀ ਜਾਂਦੀ ਹੈ। ਪਰਾਂਦੇ ਦੇ ਕਈ ਰੰਗ ਹੁੰਦੇ ਹਨ ਪਰ ਲਾਲ ਰੰਗ ਦਾ ਪਰਾਂਦਾ ਕਾਫ਼ੀ ਚਰਚਿਤ ਹੈ। ਪਰਾਂਦਾ ਪੰਜਾਬ ਵਿੱਚ ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ ਆਦਿ ਖੇਤਰਾਂ ਵਿੱਚ ਮਹੱਤਤਾ ਰੱਖਦਾ ਹੈ। ਇਹ ਜ਼ਿਆਦਾਤਰ ਇਨ੍ਹਾਂ ਹੀ ਜ਼ਿਲ੍ਹਿਆਂ ਦੀ ਪੈਦਾਇਸ਼ ਹੈ। ਪਰਾਂਦਾ ਸ਼ਹਿਰਾਂ ਨਾਲੋਂ ਪੇਂਡੂ ਖੇਤਰ ਵਿੱਚ ਜ਼ਿਆਦਾ ਵਰਤੋਂ ਵਿੱਚ ਆਉਂਦਾ ਹੈ ਜਿਸ ਤਰ੍ਹਾਂ ਪੰਜਾਬੀ ਸਲਵਾਰ ਕਮੀਜ਼, ਮੁਲਤਾਨੀ ਜੁੱਤੀ ਸ਼ਿੰਗਾਰ ਦਾ ਪਹਿਰਾਵਾ ਹੈ, ਉਸੇ ਤਰ੍ਹਾਂ ਪਰਾਂਦਾ ਵਾਲਾ ਨੂੰ ਸ਼ਿੰਗਾਰਨ ਵਾਲੀ ਇੱਕ ਡੋਰੀ ਹੈ। ਵਿਆਹ ਸਮੇਂ ਅਕਸਰ ਕੁੜੀਆਂ ਪਰਾਂਦਾ ਪਹਿਨਦੀਆਂ ਹਨ ਤੇ ਫਿਰ ਗਿੱਧੇ ਵਿੱਚ ਬੋਲੀ ਪਾਉਂਦੀਆਂ ਹਨ:-
ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾਂ ਲਿਆਂਦਾ,
ਨੀਂ ਮੈਂ ਚੁੰਮ- ਚੁੰਮ ਰੱਖਦੀ ਫਿਰਾਂ
ਮੈਂ ਪੱਬਾਂ ਭਾਰ ਨੱਚਦੀ ਫਿਰਾਂ…
ਪਰਾਂਦੇ ਹੋਰ ਵੀ ਸੋਹਣੇ ਲੱਗਦੇ ਹਨ, ਜਦੋਂ ਪਰਾਂਦੇ ’ਤੇ ਸ਼ੀਸ਼ੇ ਜਾਂ ਫਿਰ ਮੋਤੀ, ਮਣਕੇ ਲੱਗੇ ਹੋਣ। ਪਰਾਂਦਾ ਸ਼ਗਨਾਂ ਦੇ ਰੂਪ ਵਿੱਚ ਕੁੜੀ ਨੂੰ ਭੇਜਿਆ ਵੀ ਜਾਂਦਾ ਹੈ। ਇਹ ਪਿਆਰ ਦੀ ਨਿਸ਼ਾਨੀ ਵੀ ਹੈ ਅਤੇ ਗਿੱਧੇ ਤੇ ਭੰਗੜੇ ਦਾ ਸ਼ਿੰਗਾਰ ਵੀ। ਅਕਸਰ ਕਈ ਲੋਕ ਬੋਲੀਆਂ ਵਿੱਚ ਇਸ ਦਾ ਜ਼ਿਕਰ ਹੁੰਦਾ ਹੈ। ਜੇ ਗਿੱਧਾ ਪਾਉਂਦੀਆਂ ਮੁਟਿਆਰਾਂ ਦੀ ਟੋਲੀ ਨੂੰ ਸੁਣਿਆ ਜਾਵੇ ਤਾਂ ਗਿੱਧਾ ਅਧੂਰਾ ਹੋਵੇਗਾ ਜੇ ਬੋਲੀਕਾਰ ਨੇ ਬੋਲੀ ਵਿੱਚ ਪਰਾਂਦੇ ਬਾਰੇ ਬੜੇ ਸੰੁਦਰ ਸ਼ਬਦਾਂ ਨਾ ਵਿੱਚ ਜ਼ਿਕਰ ਨਾ ਕੀਤਾ ਹੋਵੇ:
ਬੋਲੀ ਪਾ ਕੇ ਜਦੋਂ ਮੈਂ ਗਿੱਧੇ ਵਿੱਚ ਦਿੱਤਾ ਗੇੜਾ,
ਅੱਡੀ ਦੀ ਧਮਕ ਨਾਲ ਹਿਲਾ ਦਿੱਤਾ ਵਿਹੜਾ
ਮੇਰੇ ਗੋਰੇ ਪੈਰਾਂ ਵਿੱਚ ਨੱਚਦਾ ਭੁਚਾਲ ਵੇ,
ਨਹੀਂ ਖੱਲ੍ਹਦਾ ਗੱਭਰੂਆ ਗੁੰਦਿਆ ਪਰਾਂਦਾ ਰੀਝਾਂ ਨਾਲ ਵੇ
ਕੋਈ ਗੱਭਰੂ ਆਪਣੇ ਹਾਣ ਦੀ ਮੁਟਿਆਰ ਨੂੰ ਪਿਆਰ ਜਿਤਾਉਂਦਾ ਹੋਇਆ, ਉਸ ਦੇ ਪਰਾਂਦੇ ਦੀ ਤਾਰੀਫ਼ ਕਰਦਾ ਹੋਇਆ ਇੰਜ ਬੋਲੀ ਪਾਉਂਦਾ ਹੈ:
ਤੇਰੀ ਗੁੱਤ ਦਾ ਪਰਾਂਦਾ ਭੁੰਜੇ ਡਿੱਗਿਆ, ਨੀਂ ਸੱਪ ਵਾਂਗੂੰ ਵਲ ਪਿਆ ਖਾਂਵਦਾ
ਅੱਗੋਂ ਮੁਟਿਆਰ ਵੱਲੋਂ ਪਿਆਰ ਅਤੇ ਮਜ਼ਾਕ ਭਰੇ ਲਹਿਜ਼ੇ ਵਿੱਚ ਬੋਲੀ ਦਾ ਜਵਾਬ ਇੰਜ ਦਿੱਤਾ ਜਾਂਦਾ ਹੈ:
ਮੇਰੇ ਹੱਥ ਚੁੱਕ ਕੇ ਫੜਾ ਦੇ ਵੇ, ਤੈਨੂੰ ਕਿਹੜੀ ਵੱਲੋਂ ਡਰ ਆਂਵਦਾ…
ਪਰਾਂਦਾ ਪੰਜਾਬਣ ਦੀ ਸ਼ਾਨ ’ਚ ਦੁੱਗਣਾ ਵਾਧਾ ਕਰਦਾ ਹੈ। ਭਾਵੇਂ ਪੱਛਮੀ ਪਹਿਰਾਵੇ ਦੀ ਨਕਲ ਕਾਰਨ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਕਾਫ਼ੀ ਬਦਲਾਓ ਆਇਆ ਹੈ ਪਰ ਫਿਰ ਵੀ ਪਰਾਂਦਾ ਅਜੇ ਜੀਵਤ ਹੈ। ਪਰਮਾਤਮਾ ਕਰੇ ਮਾਣਮੱਤੀਆਂ ਮੁਟਿਆਰਾਂ ਆਪਣੇ ਵਾਲਾਂ ਅਤੇ ਪਰਾਂਦੇ ਨੂੰ ਸੰਭਾਲ ਕੇ ਰੱਖਣ।
ਪਿੰਡ ਦੀਆਂ ਕੁੜੀਆਂ

ਖਿੜ ਖਿੜ ਕਰ ਖ਼ੁਸ਼ ਹੋਵਣ-ਹੱਸਣ, ਪਿੰਡ ਮਿਰੇ ਦੀਆਂ ਕੁੜੀਆਂ।
ਲਗਰਾਂ ਵਾਂਗੂੰ ਝੂਮਣ, ਮੌਲਣ, ਪਿੰਡ ਮਿਰੇ ਦੀਆਂ ਕੁੜੀਆਂ।
ਚਿੱਟੀ ਪਗੜੀ ਬਾਪੂ ਦੀ ਨੂੰ, ਦਾਗ਼ ਨਾ ਲੱਗਣ ਦੇਵਣ।
ਚੁੰਨੀ ਸਿਰ ਦੇ ਉੱਤੇ ਰੱਖਣ, ਪਿੰਡ ਮਿਰੇ ਦੀਆਂ ਕੁੜੀਆਂ।
ਸੂਹਜ, ਸਲੀਕਾ, ਚੇਤਨ ਬੁੱਧੀ, ਹਿੰਮਤ, ਜ਼ੋਰ, ਦਲੇਰੀ,
ਹਰ ਇੱਕ ਖੇਤਰ ਦੇ ਵਿੱਚ ਚਮਕਣ, ਪਿੰਡ ਮਿਰੇ ਦੀਆਂ ਕੁੜੀਆਂ।
ਪਾਕ ਮੁਹੱਬਤ ਦੇ ਅਰਥਾਂ ਤੋਂ, ਵੀ ਨੇ ਚੰਗੂੰ ਵਾਕਫ਼,
ਪਰ ਇੱਜ਼ਤ ਨਾ ਪੈਰੀਂ ਰੋਲਣ, ਪਿੰਡ ਮਿਰੇ ਦੀਆਂ ਕੁੜੀਆਂ।
ਜਿਹੜਾ ਇਨ੍ਹਾਂ ਵੱਲ ਜ਼ਰਾ ਵੀ, ਕੈਰੀ ਨਜ਼ਰੇ ਝਾਕੇ,
ਉਸ ਨੂੰ ਪੌਲੇ ਉੱਤੇ ਰੱਖਣ, ਪਿੰਡ ਮਿਰੇ ਦੀਆਂ ਕੁੜੀਆਂ।
ਹੂਰਾਂ ਨਾਲੋਂ ਵੀ ਵਧ ਕੇ ਨੇ, ਰੂਪ ਸੁਹੱਪਣ ਵੱਲੋਂ,
ਲਿਸ਼ਕਣ ਪੁਸ਼ਕਣ ਸੁੰਦਰ ਲੱਗਣ, ਪਿੰਡ ਮਿਰੇ ਦੀਆਂ ਕੁੜੀਆਂ।
ਅਬਲਾ ਦੀ ਥਾਂ ਸਬਲਾ ਬਣ ਕੇ, ਇਨ੍ਹਾਂ ਜੌਹਰ ਵਿਖਾਏ,
ਐਰੇ ਗੈਰੇ ਨੂੰ ਨਾ ਗੌਲਣ, ਪਿੰਡ ਮਿਰੇ ਦੀਆਂ ਕੁੜੀਆਂ।
ਰਲ-ਮਿਲ ਕੇ ਜਦ ਨੱਚਣ ਟੱਪਣ, ਧਰਤੀ ਥਰ ਥਰ ਕੰਬੇ,
ਗਿੱਧੇ ਦੇ ਵਿੱਚ ਭੜਥੂ ਪਾਵਣ, ਪਿੰਡ ਮਿਰੇ ਦੀਆਂ ਕੁੜੀਆਂ।
ਧੀਆਂ ਧਨ ਬੇਗ਼ਾਨਾ ਆਖਣ, ਕੋਈ ਕਪਲਾ ਗਾਂ ਦੱਸੇ,
ਆਪਣੀ ਹੋਣੀ ਉੱਤੇ ਹੱਸਣ, ਪਿੰਡ ਮਿਰੇ ਦੀਆਂ ਕੁੜੀਆਂ।
ਮਾਪੇ, ਭੈਣ-ਭਰਾਵਾਂ ਵੱਲੋਂ, ਜੇ ਕੋਈ ‘ਧੱਕਾ’ ਹੋਇਆ,
ਸਿਦਕੀ ਬਣ ਕੇ ਸਿਰ ’ਤੇ ਝੱਲਣ, ਪਿੰਡ ਮਿਰੇ ਦੀਆਂ ਕੁੜੀਆਂ।
ਆਪਣੀ ਮਿੱਟੀ ਨਾਲੋਂ ਇਹ, ਮੋਹ ਤੋੜ ਜ਼ਰਾ ਨਾ ਰੋਵਣ,
ਬੇਸ਼ੱਕ ਅੰਬਰ ਦੇ ਵਿੱਚ ਉਡਣ, ਪਿੰਡ ਮਿਰੇ ਦੀਆਂ ਕੁੜੀਆਂ।
ਪੋਤੇ-ਦੋਹਤੇ ਵੱਡੇ ਹੋ ਗਏ, ਆਖਰ ਵੇਲੇ, ਫਿਰ ਵੀ
ਪੇਕੇ ਘਰਾਂ ਨੂੰ ਆਪਣਾ ਦੱਸਣ, ਪਿੰਡ ਮਿਰੇ ਦੀਆਂ ਕੁੜੀਆਂ।
‘ਅਮਰ’ ਕਰੇ ਅਰਜ਼ੋਈ ਦਾਤਾ! ਰੱਖੀਂ ਨਜ਼ਰ ਸਵੱਲੀ,
ਟਹਿਕਣ, ਮਹਿਕਣ, ਰੰਗੀਂ ਵੱਸਣ, ਪਿੰਡ ਮਿਰੇ ਦੀਆਂ ਕੁੜੀਆਂ।
Hulle Nee Maiyee Hulle Do Beri Patte Jhulle
Hulle nee maiyee hulle do beri patte jhulle
Do jhul payeaan kahjurran
Khajurran suttya meva
Es munde de ghar mangeva
Es munde di voti nikdi
Oh! khandi choori, kutdi
Kut! Kut! Bharaya thaal woti bave nananaa nal
Ninaan te wadi parjaee
So kudma de ghar aayee!
mein lohri lain aayee!
English Translation:
Two berry leaves are hanging
Two date leaves are also hanging
The tree shed the fruit
There’s an engagement in this boy’s house
This boy’s wife is short
She eats and grinds choori
She grinds. She grinds. With filled plate she sits with her sisters-in-law
With the Sister-in-law is the elder son’s wife
They are in their in-laws house
I have come to take my Lohri.
ਚੁੰਨੀ ਰੰਗ ਦੇ ਲਲਾਰੀਆ

ਚੁੰਨੀ ਪੰਜਾਬੀ ਮੁਟਿਆਰ ਦੀ ਪਛਾਣ, ਸਨਮਾਨ, ਅਣਖ ਤੇ ਸ਼ਾਨ ਹੈ। ਚੁੰਨੀ ਗ਼ੈਰਤ ਦੀ ਪ੍ਰਤੀਕ ਹੈ। ਚੁੰਨੀ ਲੱਜਾ, ਹਯਾ ਤੇ ਪਾਕੀਜ਼ਗੀ ਦਾ ਚਿੰਨ੍ਹ ਹੈ। ਚੁੰਨੀ ਗਲ਼ ਵਿੱਚ ਨਹੀਂ ਬਲਕਿ ਸਿਰ ਉੱਤੇ ਨਿੱਘੀ ਛਾਂ ਹੈ। ਚੁੰਨੀ ਦੇ ਕਈ ਰੂਪ, ਰੰਗ, ਆਕਾਰ ਤੇ ਪ੍ਰਕਾਰ ਹਨ। ਦੁਪੱਟਾ, ਚਾਦਰ, ਡੋਰੀਆ, ਸਾਲੂ, ਸੁੱਭਰ, ਬਾਗ, ਫੁਲਕਾਰੀ ਪਰ ਸੁਭਾਓ ਇੱਕ ਹੈ, ਕਾਰਜ ਇੱਕ ਹੈ। ਚੁੰਨੀ ਦੀਆਂ ਦੋ ਸੀਮਾਵਾਂ ਹਨ- ਲਾਜ ਅਤੇ ਦਾਜ। ਚੁੰਨੀ ਲਾਜ ਦਾ ਖਿਆਲ ਰੱਖਦੀ ਹੈ ਅਤੇ ਦਾਜ ਤੋਂ ਡਰਦੀ ਹੈ। ਵਿਆਹ ਵਾਲੀ ਕੁੜੀ ਗੋਟੇ ਕਿਨਾਰੀ ਵਾਲੀ ਭਾਰੀ ਚੁੰਨੀ ਓੜ੍ਹਦੀ ਹੈ- ਲਾਲ ਚਮਕੀਲੀ ਚੁੰਨੀ। ਵਿਆਹ ਵਾਲੀ ਕੁੜੀ ਦੀ ਮਾਂ, ਸੂਹੇ ਗੁਲਾਬੀ ਰੰਗ ਦੀ, ਸ਼ਗਨਾਂ ਦੀ ਚੁੰਨੀ ਸਿਰ ਉੱਤੇ ਲੈਂਦੀ ਹੈ। ਕਈ ਵਾਰ ਬਿਨਾਂ ਵਾਜੇ ਗਾਜੇ ਤੋਂ, ਬਿਨਾਂ ਕਿਸੇ ਅਡੰਬਰ ਤੋਂ, ਚੁੰਨੀ ਚੜਾ ਕੇ ਕੁੜੀ ਦਾ ਵਿਆਹ ਕਰ ਦਿੱਤਾ ਜਾਂਦਾ ਹੈ।
ਚੁੰਨੀ ਦੇ ਸੱਤ ਰੰਗ ਹੁੰਦੇ ਹਨ- ਅੱਡ-ਅੱਡ ਰੰਗ ਦੀ ਚੁੰਨੀ ਵੀ ਹੁੰਦੀ ਹੈ ਤੇ ਮਿਲਵੇਂ-ਜੁਲਵੇਂ ਰੰਗਾਂ ਦੀ ਵੀ। ਇੱਕ ਪੌਪ ਗੀਤ ਵਿੱਚ ਕੁੜੀ ਨੱਚਦੀ, ਟੱਪਦੀ, ਗਾਉਂਦੀ ਹੈ- ‘ਚੁੰਨੀ ਮੇਰੀ ਸੱਤ ਰੰਗ ਦੀ’, ਪਰ ਉਸ ਦੇ ਸਿਰ ਉਤੇ ਨਾ ਪੂਰੇ ਵਾਲ ਹੁੰਦੇ ਹਨ, ਨਾ ਕਿਧਰੇ ਸੱਤ ਰੰਗਾਂ ਵਾਲੀ ਚੁੰਨੀ ਹੁੰਦੀ ਹੈ। ਇੱਕ ਬਹੁਤ ਪੁਰਾਣਾ ਗੀਤ ਕਦੀ ਕਦੀ ਕੰਨੀ ਪੈਂਦਾ ਹੈ, ਜੋ ਸਕੂਨ ਦਿੰਦਾ ਹੈ ਤੇ ਉਨ੍ਹਾਂ ਵੇਲਿਆਂ ਦੀ ਯਾਦ ਦਿਵਾਉਂਦਾ ਹੈ ਜਦੋਂ ਸ਼ਰਮ, ਹਯਾ ਔਰਤ ਦੇ ਗਹਿਣੇ ਹੁੰਦੇ ਸਨ। ਹਰ ਔਰਤ ਸਿਰ ’ਤੇ ਦੁਪੱਟਾ ਲੈਣ ’ਚ ਆਪਣੀ ਸ਼ਾਨ ਸਮਝਦੀ ਸੀ ਤੇ ਕਹਿੰਦੀ ਸੀ ‘ਮੇਰਾ ਲਾਲ ਦੁਪੱਟਾ ਮਲਮਲ ਦਾ ਹਵਾ ਮੇਂ ਉਡਦਾ ਜਾਏ’। ਸਿਰ ’ਤੇ ਦੁਪੱਟੇ ਦਾ ਕੱਜਿਆ ਹੋਣਾ ਪੰਜਾਬਣ ਦੀ ਨਿਸ਼ਾਨੀ ਸਮਝੀ ਜਾਂਦੀ ਸੀ ਤੇ ਇਹ ਉਸ ਦੀ ਪਛਾਣ ਦਾ ਪ੍ਰਤੀਕ ਸੀ ਤੇ ਹਰ ਪੰਜਾਬੀ ਮੁਟਿਆਰ ਦੇ ਸੁਪਨੇ ਵਿੱਚ ਚੁੰਨੀ, ਡੋਰੀਆ, ਦੁਪੱਟੇ ਦੀ ਖ਼ਾਸ ਜਗ੍ਹਾ ਹੁੰਦੀ ਸੀ।
‘ਮੇਰਾ ਉੱਡੇ ਡੋਰੀਆ ਮਹਿਲਾਂ ਵਾਲੇ ਘਰ ਵੇ…’
ਔਰਤਾਂ ਹਮੇਸ਼ਾਂ ਸੂਟ ਨਾਲ ਦੀ ਚੁੰਨੀ ਲੈਂਦੀਆਂ ਹਨ। ਕੁੜੀਆਂ ਚਿੜੀਆਂ ਨੂੰ ਵੱਖਰੇ ਰੰਗਾਂ ਦੇ ਦੁਪੱਟੇ ਵਧੇਰੇ ਪਸੰਦ ਆਉਂਦੇ ਹਨ। ਬਹੁਤੇ ਪਤੀ-ਪਤਨੀ ਇੱਕ ਦੂਜੇ ਨਾਲ ਮੇਲ ਕੇ ਸੂਟਾਂ, ਪੱਗ ਤੇ ਦੁਪੱਟੇ ਦੀ ਚੋਣ ਕਰਦੇ ਹਨ।
ਪੁਰਾਤਨ ਸਮਿਆਂ ਵਿੱਚ ਚੁੰਨੀ ਨੂੰ ਸਿਰ ਉੱਤੋਂ ਲਾਹ ਦੇਣ ਦਾ ਮਤਲਬ ਬੇਹਯਾਈ, ਬੇਸ਼ਰਮੀ ਗਿਣੀ ਜਾਂਦੀ ਸੀ। ਪੁਰਾਣੇ ਸਮਿਆਂ ਵਿੱਚ ਕਿਸੇ ਮੁਟਿਆਰ ਦੀ ਚੁੰਨੀ ਨੂੰ ਹੱਥ ਪਾਉਣਾ, ਇੱਜ਼ਤ ਨੂੰ ਹੱਥ ਪਾਉਣਾ ਸਮਝਿਆ ਜਾਂਦਾ ਸੀ। ਚੁੰਨੀ ਨੂੰ ਵਧੀਆ ਢੰਗ ਨਾਲ ਸਿਰ ’ਤੇ ਕੱਜਣਾ ਉਸ ਦੇ ਸੁਹੱਪਣ ਤੇ ਸਮਝ ਦਾ ਪ੍ਰਤੀਕ ਸੀ। ਪੰਜਾਬੀ ਸਮਾਜ ਵਿੱਚ ਘੁੰਢ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ, ਜਿਸ ਦਾ ਸਬੰਧ ਦੁਪੱਟੇ ਨਾਲ ਹੈ:
ਗੋਰਾ ਰੰਗ ਸ਼ਰਬਤੀ ਅੱਖੀਆਂ, ਘੁੰਡ ਵਿੱਚ ਡੱਕ ਰੱਖੀਆਂ।
ਘੁੰਢ ਦਾ ਆਪਣਾ ਵਜੂਦ ਤੇ ਮਤਲਬ ਹੈ। ਪੁਰਾਣੇ ਸਮਿਆਂ ’ਚ ਔਰਤਾਂ ਘਰ ਦੀ ਦਹਿਲੀਜ਼ ਤਕ ਸੀਮਤ ਸਨ ਤੇ ਉਨ੍ਹਾਂ ਦਾ ਪਰਾਏ ਮਰਦ ਵੱਲ ਤੱਕਣਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਇੱਥੋਂ ਤਕ ਕਿ ਸਹੁਰੇ ਪਰਿਵਾਰ ਵਿੱਚ ਹਰ ਬਜ਼ੁਰਗ ਕੋਲੋਂ ਪਰਦਾ ਰੱਖਿਆ ਜਾਂਦਾ ਸੀ। ਇੱਥੋਂ ਤਕ ਅੱਜ ਜਿਸ ਤਰ੍ਹਾਂ ਸਮਾਜ ਵਿੱਚ ਤਬਦੀਲੀ ਆ ਰਹੀ ਹੈ, ਇਨ੍ਹਾਂ ’ਤੇ ਪ੍ਰਭਾਵ ਪੈਣਾ ਸੁਭਾਵਿਕ ਹੈ।
ਅੱਜ ਦੇ ਯੁੱਗ ਵਿੱਚ ਕੰਮਕਾਜੀ ਔਰਤ ਲਈ ਇਹ ਸੰਭਵ ਨਹੀਂ ਪਰ ਜਿੰਨਾ ਹੋ ਸਕੇ ਸਾਨੂੰ ਆਪਣੇ ਰਸਮਾਂ-ਰਿਵਾਜਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੰਭਾਲ ਕੇ ਰੱਖਣਾ ਜ਼ਰੂਰੀ ਹੈ। ਪਰਦਾ ਅੱਖਾਂ ਦਾ ਹੋਵੇ, ਕਿਰਦਾਰ ਦਾ ਹੋਵੇ ਜਾਂ ਵਿਹਾਰ ਦਾ ਹੋਵੇ। ਜੇ ਕੋਈ ਜਨੂੰਨੀ, ਮੂਲਵਾਦੀ, ਫ਼ਿਰਕੂ ਜਥੇਬੰਦੀ ਕੁੜੀਆਂ ਨੂੰ ਕੰਨਾਂ ਤਕ ਸਿਰ ਢਕਣ ਦਾ ਹੁਕਮ ਚਾੜ੍ਹੇ, ਜਬਰੀ ਬੁਰਕਾ ਲੈ ਕੇ ਘਰੋਂ ਬਾਹਰ ਨਿਕਲਣ, ਮਰਦ ਦੇ ਸਾਥ ਤੋਂ ਬਿਨਾਂ ਘਰੋਂ ਬਾਹਰ ਨਾ ਨਿਕਲਣ ਦਾ ਫ਼ਰਮਾਨ ਜਾਰੀ ਕਰੇ। ਇਹ ਹੁਕਮ, ਔਰਤ ਦੇ ਬਰਾਬਰੀ ਦੇ ਜਮਹੂਰੀ ਅਧਿਕਾਰ ਉਤੇ ਹਮਲਾ ਬੋਲੇਗਾ। ਮਨੁੱਖ ਔਰਤ ਰਾਹੀਂ ਹੀ ਆਪਣੀ ਸ਼ੁੱਧਤਾ ਵੇਖਦਾ ਹੈ। ਮਰਦ ਨੇ ਸਿਰਫ਼ ਔਰਤ ਲਈ ਹੱਦਬੰਦੀਆਂ ਤੈਅ ਕੀਤੀਆਂ ਹਨ। ਮਰਿਆਦਾ ਸਭ ਕੁਝ ਔਰਤ ਲਈ ਹਨ।
ਕੁੜੀਆਂ ਦੇ ਸਿਰ ਉਤੋਂ ਚੁੰਨੀ ਉੱਡਣਾ ਪੱਛਮੀ ਸੱਭਿਆਚਾਰ ਤੇ ਪੂੰਜੀਵਾਦ ਦੀ ਦੇਣ ਹੈ, ਜਿਸ ਨੇ ਚੁੰਨੀ ਨੂੰ ਬਾਜ਼ਾਰ ਤਕ ਸੀਮਤ ਕਰ ਦਿੱਤਾ ਹੈ। ਮੰਡੀ ਦੀ ਵਸਤੂ ਬਣਾ ਦਿੱਤਾ ਹੈ। ਅੱਜ ਦੀਆਂ ਕੁੜੀਆਂ ਦੇ ਸਿਰ ’ਤੇ ਨਾ ਲੰਮੇ ਵਾਲ ਹਨ ਤੇ ਨਾ ਦੁਪੱਟੇ। ਸਾਡੇ ਸੱਭਿਆਚਾਰ ਲਈ ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ। ਐਨਾ ਹੀ ਨਹੀਂ ਪਵਿੱਤਰ ਗ੍ਰੰਥਾਂ ਤੇ ਵੇਦਾਂ ਦਾ ਗਿਆਨ ਵੰਡਣ ਵਾਲਾ ਪੰਜਾਬ, ਗੁਰੂਆਂ ਦੇ ਨਾਂ ਉਤੇ ਜਿਉਂਦਾ ਪੰਜਾਬ, ਹੁਣ ਭਰੂਣ ਹੱਤਿਆ ਵਿੱਚ, ਭਾਰਤ ਭਰ ਵਿੱਚੋਂ ਪਹਿਲੇ ਨੰਬਰ ਉਤੇ ਹੈ। ਜੇ ਕੁੜੀਆਂ ਹੀ ਨਹੀਂ ਹੋਣਗੀਆਂ ਤਾਂ ਚੁੰਨੀਆਂ ,ਪਰਾਂਦੇ ਕਿੱਥੋਂ ਰਹਿਣੇ ਹਨ। ਪਹਿਲਾਂ ਇੱਕ ਮੁਟਿਆਰ ਆਪਣੇ ਬਾਬਲ ਨੂੰ ਕਹਿੰਦੀ ਸੀ:
ਕਿਤੇ ਕਹਿਣ ਨਾ ਗ਼ਰੀਬ ਤੇਰੇ ਮਾਪੇ, ਝੁਮਕੇ ਕਰਾ ਦੇ ਬਾਬਲਾ।
ਕੰਨੀ ਝੂਮਕੇ ਤਾਂ ਹੀ ਫਬਦੇ ਹਨ ਜੇ ਸਿਰ ਉੱਤੇ ਚੁੰਨੀ ਹੋਵੇ।
ਸਿਰ ਗੁੰਦ ਦੇ ਕੁਪੱਤੀਏ ਨੈਣੇ, ਉਤੇ ਪਾ ਦੇ ਡਾਕ ਬੰਗਲਾ
ਵਾਲ ਹੋਣਗੇ ਤਾਂ ਹੀ ਗੁੰਦੇ ਜਾਣਗੇ। ‘ਮਾਏ ਮੇਰੀਏ ਨੀ ਮੈਨੂੰ ਬੜਾ ਚਾਅ ਦੋ ਗੁੱਤਾਂ ਕਰ ਮੇਰੀਆਂ’ ਸਿਰ, ਮੱਥੇ, ਗਲੇ ਦੇ ਗਹਿਣੇ ਤਾਂ ਹੀ ਪਹਿਨੇ ਜਾ ਸਕਦੇ ਹਨ- ਜੇ ਵਾਲ ਹੋਣਗੇ। ਸਿਰ ਉਤੇ ਚੁੰਨੀ ਹੋਵੇਗੀ- ਸੱਗੀ ਫੁੱਲ, ਦਾਮਨੀ, ਟਿੱਕਾ, ਤਵੀਤ, ਝੁਮਰ, ਜੁਗਨੀ, ਚੰਪਾਕਲੀ, ਚੰਦਨਹਾਰ-ਔਰਤ ਦਾ ਸ਼ਿੰਗਾਰ। ਲਹਿਰੀਆ ਚੁੰਨੀ ਗੁਲਜ਼ਾਰ।
ਸਮਾਜਿਕ, ਸੱਭਿਆਚਾਰਕ, ਭਿੱਜ ਰਹੀਆਂ ਕੀਮਤਾਂ ਕਦਰਾਂ ਨੇ ਚੁੰਨੀ ਦੀ ਕਦਰ ਘਟਾ ਦਿੱਤੀ ਹੈ। ਸਾਂਝੇ ਪਰਿਵਾਰ ਖਿੰਡਰ ਚੁੱਕੇ ਹਨ। ਰਿਸ਼ਤਿਆਂ ਦੀ ਪਵਿੱਤਰਤਾ ਖ਼ਤਮ ਹੁੰਦੀ ਜਾ ਰਹੀ ਹੈ। ਪਿਉ-ਧੀ, ਭੈਣ-ਭਰਾ, ਜੀਜਾ-ਸਾਲੀ, ਦਿਓਰ-ਭਰਜਾਈ ਦੇ ਰਿਸ਼ਤਿਆਂ ਵਿੱਚ ਪਹਿਲਾਂ ਵਰਗਾ ਨਿੱਘ ਤੇ ਅਪਣੱਤ ਨਹੀਂ ਰਹੀ। ਪੰਜਾਬੀ ਗਾਇਕੀ ਤੇ ਗੀਤਕਾਰੀ ਨੇ ਜੀਜਾ-ਸਾਲੀ, ਦਿਉਰ-ਭਰਜਾਈ, ਜੇਠ-ਭਰਜਾਈ ਦੇ ਮਾਨਵੀ ਰਿਸ਼ਤਿਆਂ ਨੂੰ ਆਪਣੀ ਕਾਮੀ ਅੱਖ ਦੇ ਨਾਲ ਲਬੇੜ ਕੇ ਰੱਖ ਦਿੱਤਾ ਹੈ। ਛੜੇ ਦਾ ਇਤਬਾਰ ਖ਼ਤਮ ਕਰ ਦਿੱਤਾ ਹੈ। ਚੁੰਨੀ ਦੀ ਪਵਿੱਤਰਤਾ ਦੀ ਗੰਢ ਖੋਲ੍ਹ ਕੇ ਖੇਰੂੰ ਖੇਰੂੰ ਕਰ ਦਿੱਤੀ ਹੈ। ਹੁਣ ਪਿੰਡ ਦੀ ਕੰਵਾਰੀ ਕੁੜੀ ਸਿਰੋਂ ਨੰਗੀ ਹੈ। ਅੱਜ ਦੇ ਗੀਤਾਂ ਦੇ ਬੋਲ ਹਨ, ਨੀ ਤੂੰ ਹੁਣੇ ਹੁਣੇ ਹੋਈ ਏਂ ਮੁਟਿਆਰ ਮੁੰਡਿਆਂ ਤੋਂ ਬਚ ਕੇ ਰਹੀਂ…’। ਪੰਜਾਬੀ ਟੀ.ਵੀ. ਚੈਨਲਾਂ ਦੇ ਗੈਰ ਪੰਜਾਬੀ, ਮਾਲਕਾਂ ਅਤੇ ਪੈਸੇ ਦੇ ਭੁੱਖੇ ਕਬੂਤਰਬਾਜ਼ਾਂ, ਲੱਚਰ ਗਾਇਕਾਂ ਨੇ, ਪੰਜਾਬੀ ਮੁਟਿਆਰ ਦੀ ਚੁੰਨੀ ਪੈਰ ਹੇਠਾਂ ਲਿਤਾੜ ਦਿੱਤੀ ਹੈ। ਪਿੰਡ ਦੀ ਪੰਜਾਬੀ ਕੁੜੀ, ਖੇਤਾਂ ਦੇ ਹਰੇ ਰੰਗ ਦੀ ਚੁੰਨੀ ਸਿਰ ਉਤੇ ਲੈ ਕੇ ਇੰਨੂ ਸਿਰ ਉਤੇ ਰੱਖ ਕੇ, ਲੱਸੀ ਦਾ ਕੁੱਜਾ ਉਪਰ ਟਿਕਾ, ਉਪਰ ਪੋਣੇ ਵਿੱਚ ਬੱਧੀਆਂ ਰੋਟੀਆਂ ਧਰੀ, ਹੌਲੀ-ਹੌਲੀ ਤੁਰਦੀ, ਆਪਣੇ ਬਾਪ ਦਾ ਜਾਂ ਆਪਣੇ ਵੀਰੇ ਦਾ ਭੱਤਾ ਲੈ ਕੇ ਖੇਤੀ ਨਹੀਂ ਜਾਂਦੀ। ਹੁਣ ਮੁਟਿਆਰ ਦਾ ਵੀਰਾ ਜਾਂ ਖਾਵੰਦ ਖੇਤੀ ਜਾਂਦਾ ਹੀ ਨਹੀਂ। ਜੇ ਕਦੀ ਜਾਂਦਾ ਵੀ ਹੈ ਤਾਂ ਮੋਟਰਸਾਈਕਲ ਉਤੇ ਜਾਂਦਾ ਹੈ, ਗੇੜਾ ਕੱਢ ਆਉਂਦਾ ਹੈ। ਖੇਤਾਂ ਵਿੱਚ ਭਈਏ ਕੰਮ ਕਰਦੇ ਹਨ। ਪੰਜਾਬੀ ਪੌਪ ਗਾਇਕੀ ਵਿੱਚ, ਪੰਜਾਬੀ ਜੱਟ ਦਾ ਕੰਮ ਜਿਵੇਂ ਸਿਰਫ਼ ਸ਼ਰਾਬ ਪੀਣਾ, ਪੀ ਕੇ ਲੜਨਾ, ਗਲਾਸੀਆਂ ਖੜਕਾਉਣਾ„ ਖਰੂਦ ਕਰਨਾ, ਚਾਂਗਰਾਂ ਮਾਰਨੀਆਂ, ਬੱਲੇ ਬੱਲੇ ਕਰਨਾ ਹੀ ਰਹਿ ਗਿਆ ਹੈ। ਸਾਡੇ ਗੀਤਾਂ ਵਿੱਚ ਵੀ ਇਹੋ ਕੁਝ ਪਰੋਸਿਆ ਜਾ ਰਿਹਾ ਹੈ, ਜਿਵੇਂ ‘ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ, ਦੋ ਚੀਜ਼ਾਂ ਜੱਟ ਮੰਗਦਾ’, ਸੁਣ ਜੱਟੀਏ ਲਲਕਾਰਾ ਮੇਰਾ ਬੋਤਲ ਪੀਂਦੇ ਦਾ ਅਤੇ ਜਿੱਥੇ ਮੁਟਿਆਰ ‘ਨਿਰੀ ਵਿਲੈਤੀ ਦਾਰੂ ਨੀ, ਤੇਰਾ ਘੁੱਟ ਭਰਨ ਨੂੰ ਜੀਅ ਕਰਦਾ’ ਹੋਵੇ, ਉਥੇ ਭਲਾ ਚੁੰਨੀ ਦੀ ਪਵਿੱਤਰਤਾ ਦੀ ਕੀ ਵੁੱਕਤ ਹੋਵੇਗੀ। ਪੌਪ ਗਾਇਕੀ ਨੇ ਕੁੜੀਆਂ ਦੇ ਸਿਰਾਂ ਉਤੋਂ ਚੁੰਨੀਆਂ ਹੀ ਨਹੀਂ ਉਤਾਰੀਆਂ,ਕੱਪੜੇ ਵੀ ਉਤਾਰ ਦਿੱਤੇ ਹਨ। ਨੰਗੇਜ਼ ਤੇ ਲੱਚਰਤਾ ਪ੍ਰਧਾਨ ਹੈ।
ਕਦੀ ਘਰ ਜਦੋਂ ਨਵੀਂ ਦੁਲਹਨ ਪੈਰ ਪਾਉਂਦੀ ਸੀ। ਨਵਾਰੀ ਪਲੰਘ ਉਪਰ ਬੈਠ ਕੇ ਹੌਲੀ-ਹੌਲੀ ਚੁੰਨੀ ਸਿਰ ਉਤੋਂ ਖਿਸਕਾਉਂਦੀ ਸੀ, ਜਿਵੇਂ ਸਵੇਰ ਦਾ ਸੂਰਜ ਹੌਲੀ-ਹੌਲੀ ਉਭਰਦਾ ਹੈ। ਪੱਤੀ, ਮਹੱਲੇ, ਗਲੀ ਦੀਆਂ ਕੁੜੀਆਂ, ਵਹੁਟੀ ਦੁਆਲੇ ਝੁਰਮਟ ਪਾ ਲੈਂਦੀਆਂ ਸਨ। ਸਿਤਾਰਿਆਂ ਵਾਲੀ ਚੁੰਨੀ ਸਰਕਾ ਦੁਲਹਨ ਦਾ ਮੂੰਹ ਵੇਖਦੀਆਂ ਸਨ- ਜਿਵੇਂ ਚੰਦ ਬਦਲੀ ਵਿੱਚੋਂ ਬਾਹਰ ਆਉਂਦਾ ਸੀ। ਸਜ-ਵਿਆਹੀ ਮੁਟਿਆਰ, ਸਹੁਰੇ ਪਾਸੋਂ ਇੱਜ਼ਤ ਦਾ ਪਰਦਾ ਕਰਦੀ ਸੀ। ਸਹੁਰਾ ਜੇ ਬਿਨਾਂ ਖੰਘੂਰਾ ਮਾਰੇ, ਬਿਨਾਂ ਬੂਹੇ ਖੜਕਾ, ਬਿਨਾਂ ਆਵਾਜ਼ ਦਿੱਤਿਆਂ ਬਾਹਰਲੇ ਗੇਟੋਂ ਅੰਦਰ ਲੰਘ ਆਉਂਦਾ ਸੀ ਤਾਂ ਮੁਟਿਆਰ ਕਹਿੰਦੀ ਸੀ- ‘‘ਵਿਹੜੇ ਵੜਦਾ ਬਿੜਕ ਨਹੀਂ ਕਰਦਾ ਬਾਬੇ ਗਲ਼ ਟੱਲ ਪਾ ਦਿਉ।’’
ਹੱਸਦੇ ਦੰਦਾਂ ਨੂੰ ਲੁਕਾਣ ਦੀ ਖਾਤਰ, ਮੁਟਿਆਰ ਆਪਣੀ ਚੁੰਨੀ ਬੁੱਲ੍ਹਾਂ ਅੱਗੇ ਕਰ ਲੈਂਦੀ ਸੀ। ਚੁੰਨੀ ਦੰਦਾਂ ਹੇਠ ਦੇ ਕੇ ਆਪਣੀ ਝਿਜਕ, ਆਪਣਾ ਸ਼ੱਕ ਪ੍ਰਗਟ ਕਰਦੀ ਸੀ।
ਜੇਠ ਕੋਲੋਂ ਘੁੰਡ ਕੱਢਦੀ, ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।
ਚੁੰਨੀ ਪੰਜਾਬੀ ਸੱਭਿਆਚਾਰ ਦੀ ਪਛਾਣ ਹੈ। ਆਉ ਇਸ ਪਛਾਣ ਨੂੰ ਖੁਰਨ ਤੋਂ ਬਚਾਈਏ।
ਲੰਮੀਆਂ ਹੇਕਾਂ ਵਾਲੇ ਗੀਤ
ਜਦੋਂ ਤੋਂ ਸਮਾਜ ਦੀ ਸਿਰਜਣਾ ਹੋਈ ਹੈ, ਉਸ ਸਮੇਂ ਤੋਂ ਹੀ ਮਨੁੱਖ ਇਕੱਠੇ ਹੋ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਅਲੱਗ-ਅਲੱਗ ਤਰੀਕੇ ਨਾਲ ਕਰਦਾ ਆਇਆ ਹੈ। ਖ਼ੁਸ਼ੀ ਦਾ ਪ੍ਰਗਟਾਵਾ ਹਰੇਕ ਸਮਾਜ ਵਿੱਚ ਵੱਖਰਾ ਹੋ ਸਕਦਾ ਹੈ। ਵਿਆਹ ਸਮੇਂ ਖੁਸ਼ੀ ਅਲੱਗ ਹੀ ਕਿਸਮ ਦੀ ਹੁੰਦੀ ਹੈ। ਅੱਜ-ਕਲ੍ਹ ਤਾਂ ਡੀ.ਜੇ. ’ਤੇ ਜਾਂ ਡੈੱਕ ਵਗੈਰਾ ’ਤੇ ਗੀਤ ਚਲਾ ਕੇ ਲੜਕੀਆਂ ਖੜ੍ਹ ਕੇ ਹੌਲੀ-ਹੌਲੀ ਲੱਕ ਹਿਲਾ ਰਹੀਆਂ ਹੁੰਦੀਆਂ ਹਨ ਪਰ ਵਿਆਹ ਵਿੱਚ ਜੋ ਲੰਮੀਆਂ-ਲੰਮੀਆਂ ਹੇਕਾਂ ਵਾਲੇ ਗੀਤ ਹੁੰਦੇ ਹਨ, ਉਹ ਤਾਂ ਅੱਜ-ਕਲ੍ਹ ਕੁੜੀਆਂ ਗਾਉਂਦੀਆਂ ਹੀ ਨਹੀਂ, ਨਾ ਹੀ ਉਨ੍ਹਾਂ ਨੂੰ ਇਹ ਗਾਉਣ ਦਾ ਵੱਲ ਹੈ। ਲੰਮੀਆਂ ਹੇਕਾਂ ਵਾਲੇ ਗੀਤ ਤਾਂ ਅਜਿਹਾ ਰੰਗ ਬੰਨ੍ਹਦੇ ਸਨ ਕਿ ਦੂਰ-ਦੂਰ ਪਤਾ ਲੱਗ ਜਾਂਦਾ ਸੀ ਕਿ ਕਿਸੇ ਘਰ ਵਿਆਹ ਦੇ ਗੀਤ ਗਾਏ ਜਾ ਰਹੇ ਹਨ। ਪਿੰਡ ਵਿੱਚ ਕੁੜੀਆਂ, ਔਰਤਾਂ ਰਾਤ ਨੂੰ ਇਕੱਠੀਆਂ ਹੋ ਕੇ ਵਿਆਹ ਵਾਲੇ ਘਰ ਜਾਂਦੀਆਂ ਸਨ। ਆਪਣੇ ਘਰ ਦਾ ਸਾਰਾ ਕੰਮ ਧੰਦਾ ਨਿਪਟਾ ਕੇ ਜਦੋਂ ਇਕੱਠੀਆਂ ਹੋ ਕੇ ਗੀਤ ਗਾਉਣ ਲੱਗ ਜਾਂਦੀਆਂ ਸਨ ਤਾਂ ਦੋ ਘੰਟੇ ਤਾਂ ਮਾਮੂਲੀ ਗੱਲ ਹੀ ਸੀ। ਕਈ ਵਾਰ ਤਾਂ ਰਾਤ ਦੇ 12-12 ਵੀ ਵੱਜ ਜਾਂਦੇ ਸਨ, ਜਦੋਂ ਇਹ ਗੀਤਾਂ ਦੀ ਸਮਾਪਤੀ ਹੁੰਦੀ ਸੀ। ਪਹਿਲਾਂ ਤਾਂ ਗਿਆਰਾਂ ਦਿਨ ਜਾਂ ਸੱਤ ਦਿਨ ਪਹਿਲਾਂ ਹੀ ਗੀਤ ਗਾਉਣੇ ਸ਼ੁਰੂ ਕਰ ਦਿੰਦੇ ਸਨ ਕਿਉਂਕਿ ਵਿਆਹ ਦੇ ਰੰਗ ਹੀ ਅਜਿਹੇ ਹੁੰਦੇ ਸਨ।
ਅੱਜ-ਕਲ੍ਹ ਵਾਂਗ ਇਹ ਨਹੀਂ ਸੀ ਹੁੰਦਾ ਕਿ ਇੱਕ ਦਿਨ ਪਹਿਲਾਂ ਹੀ ਲੇਡੀ ਸੰਗੀਤ ਰੱਖ ਲਵੋ, ਘੰਟਾ ਅੱਧਾ ਘੰਟਾ ਮਨੋਰੰਜਨ ਕਰੋ ਅਤੇ ਆਪਣੇ ਘਰ ਨੂੰ ਚੱਲਦੇ ਬਣੋ। ਦੋ-ਦੋ ਦੀਆਂ ਜੋਟੀਆਂ ਬਣਾ ਕੇ ਇਹ ਗੀਤ ਗਾਏ ਜਾਂਦੇ ਸਨ। ਇਨ੍ਹਾਂ ਦੋ ਔਰਤਾਂ ਦੀ ਆਵਾਜ਼ ਇੱਕ-ਦੂਜੇ ਨਾਲ ਮੇਲ ਖਾਂਦੀ ਸੀ ਅਤੇ ਕਮਾਲ ਦਾ ਰੰਗ ਬੱਝਦਾ ਸੀ। ਇੱਕ ਟੋਲੀ ਗੀਤ ਗਾਉਂਦੀ ਸੀ ਅਤੇ ਇਸ ਦੇ ਪਿੱਛੇ ਗੀਤ ਦੀਆਂ ਲਾਈਨਾਂ ਦੂਜੀ ਟੋਲੀ ਕਹਿੰਦੀ ਸੀ। ਕਈ ਗੀਤ ਅਜਿਹੇ ਵੀ ਹੁੰਦੇ ਸਨ ਜੇ ਇੱਕ ਟੋਲੀ ਗੀਤ ਰੂਪੀ ਸੁਆਲ ਕਰਦੀ ਸੀ ਤਾਂ ਦੂਜੀ ਟੋਲੀ ਉਸ ਦਾ ਗੀਤ ਰੂਪੀ ਹੀ ਜਵਾਬ ਦਿੰਦੀ ਸੀ। ਲੜਕੇ ਅਤੇ ਲੜਕੀਆਂ ਦੇ ਵਿਆਹ ਵਾਲੇ ਗੀਤ ਥੋੜ੍ਹੇ ਜਿਹੇ ਫ਼ਰਕ ਨਾਲ ਹੁੰਦੇ ਸਨ। ਸਾਡੇ ਪੰਜਾਬੀ ਵਿਰਸੇ ਦੀ ਇਹ ਵਿਸ਼ੇਸ਼ਤਾ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਗੁਰੂਆਂ-ਪੀਰਾਂ ਦਾ ਨਾਂ ਲਿਆ ਜਾਂਦਾ ਹੈ:-
ਕਿੱਥੇ ਦਾ ਤੁਹਾਡਾ ਜਨਮ ਗੁਰੂ ਜੀ,
ਕਿੱਥੇ ਡੇਰੇ ਲਾਏ।
ਓ ਮੈਂ ਵਾਰੀ ਗੁਰੂ ਜੀ,
ਕਿੱਥੇ ਡੇਰੇ ਲਾਏ।
ਇਸੇ ਤਰ੍ਹਾਂ ਇਹ ਲਾਈਨਾਂ ਇੱਕ ਟੋਲੀ ਕਹਿੰਦੀ ਹੈ ਤੇ ਦੂਜੀ ਟੋਲੀ ਜਾਂ ਤਾਂ ਇਹ ਹੀ ਲਾਈਨਾਂ ਪਿੱਛੇ ਕਹਿੰਦੀ ਹੈ ਅਤੇ ਜਾਂ ਫਿਰ ਜਵਾਬ ਦਿੰਦੀ ਕਹਿੰਦੀ ਹੈ:-
ਪਟਨੇ ਸਾਹਿਬ ਦਾ ਜਨਮ
ਗੁਰਾਂ ਦਾ,
ਆਨੰਦਪੁਰ ਡੇਰੇ ਲਾਏ।
ਓ ਮੈਂ ਵਾਰੀ ਗੁਰੂ ਜੀ,
ਆਨੰਦਪੁਰ ਡੇਰੇ ਲਾਏ।
ਇਸ ਪਿੱਛੋਂ ਲੜਕੇ ਜਾਂ ਲੜਕੀ ਦੇ ਵਿਆਹ ਦੇ ਗੀਤਾਂ ਦੀ ਸ਼ੁਰੂਆਤ ਹੁੰਦੀ ਹੈ। ਜੇ ਲੜਕੀ ਦਾ ਵਿਆਹ ਹੈ ਤਾਂ ਗੀਤ ਦੀਆਂ ਲਾਈਨਾਂ ਇਸ ਤਰ੍ਹਾਂ ਹੁੰਦੀਆਂ ਹਨ:-
ਉਪਰ ਤਾਂ ਵਾੜੇ ਤੈਨੂੰ ਸੱਦ ਹੋਈ,
ਸਾਲੂ ਵਾਲੀਏ ਨੀ।
ਆ ਕੇ ਤਾਂ ਸਾਹਾ ਨੀ ਸੁਦਾ,
ਦਿਲਾਂ ਵਿੱਚ ਵਸ ਰਹੀਏ।
ਇਸੇ ਤਰ੍ਹਾਂ ਦੂਜੀ ਟੋਲੀ ਫਿਰ ਵਿਆਹ ਵਾਲੀ ਲੜਕੀ ਦੀਆਂ ਚਾਚੀਆਂ, ਤਾਈਆਂ, ਮਾਮੀਆਂ, ਫੂਫੀਆਂ ਆਦਿ ਦਾ ਨਾਂ ਲੈ ਕੇ ਕਹਿੰਦੀਆਂ ਹਨ:-
ਸਹਾ ਤਾਂ ਸੁਦਾਵਣ ਤੇਰੀਆਂ ਚਾਚੀਆਂ,
ਸਾਲੂ ਵਾਲੀਏ ਨੀ…।
ਜਿਨ੍ਹਾਂ ਦੇ ਦਿਲ ਵਿੱਚ ਚਾਅ, ਮਨਾਂ ਵਿੱਚ ਵਸ ਰਹੀਏ।
ਇਸ ਤਰ੍ਹਾਂ ਲੜਕੇ ਦੇ ਵਿਆਹ ਸਮੇਂ ਸਾਲੂ ਵਾਲੀ ਦੀ ਜਗ੍ਹਾ ਚੀਰੇ ਵਾਲਿਆ ਕਹਿ ਕੇ ਗੀਤ ਗਾਉਂਦੀਆਂ ਹਨ, ਜਿਵੇਂ…
ਉਪਰ ਤਾਂ ਵਾੜੇ ਤੈਨੂੰ ਸੱਦ ਹੋਈ
ਚੀਰੇ ਵਾਲਿਆ ਵੇ।
ਆ ਕੇ ਤਾਂ ਸਾਹਾ ਵੇ ਸੁਦਾ
ਦਿਲਾਂ ਵਿੱਚ ਵਸ ਰਹੀਏ।
ਇਸੇ ਤਰ੍ਹਾਂ ਕੁੜੀ ਜਾਂ ਮੁੰਡੇ ਦੇ ਵਿਆਹ ਦੇ ਗੀਤਾਂ ਦੀਆਂ ਵੰਨਗੀਆਂ ਵਿੱਚ ਥੋੜ੍ਹਾ-ਬਹੁਤਾ ਹੀ ਫ਼ਰਕ ਹੁੰਦਾ ਹੈ। ਬਾਕੀ ਤਾਂ ਆਮ ਗੀਤ ਹੀ ਗਾਏ ਜਾਂਦੇ ਹਨ, ਜਿਨ੍ਹਾਂ ਦੀਆਂ ਵੰਨਗੀਆਂ ਦਾ ਵਰਣਨ ਅੱਗੇ ਹੈ। ਜੇ ਕਿਸੇ ਕੁੜੀ ਦਾ ਹੋਣ ਵਾਲਾ ਘਰਵਾਲਾ ਫ਼ੌਜ ਵਿੱਚ ਹੈ ਅਤੇ ਉਹ ਆਪਣੀ ਘਰਵਾਲੀ ਨੂੰ ਵਧੀਆ ਕੋਠੀ ਜਾਂ ਪੁਰਾਣੇ ਸਮੇਂ ਵਿੱਚ ਬੈਠਕ ਪਾ ਦਿੰਦਾ ਹੈ ਤਾਂ ਕਿ ਉਸ ਦੀ ਪਤਨੀ ਦਾ ਉਸ ਬਿਨਾਂ ਦਿਲ ਲੱਗਿਆ ਰਹੇ ਪਰ ਜਦੋਂ ਦਿਲ ਦਾ ਮਹਿਰਮ ਹੀ ਕੋਲ ਨਾ ਹੋਵੇ ਤਾਂ ਇਹ ਮਹਿਲ-ਮੁਨਾਰੇ ਕਿੱਥੇ ਚੰਗੇ ਲੱਗਦੇ ਹਨ।
ਇਸ ਦੇ ਉਲਟ ਜੇ ਦਿਲ ਦਾ ਮਹਿਰਮ ਕੋਲ ਹੋਵੇ ਤਾਂ ਝੁੱਗੀਆਂ ਵਿੱਚ ਵੀ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸ ਲਈ ਫ਼ੌਜੀ ਦੀ ਘਰਵਾਲੀ ਉਸ ਨੂੰ ਪੁੱਛਦੀ ਹੈ:-
ਕਾਹੇਂ ਨੂੰ ਪਾਈਆਂ ਬੈਠਕਾਂ,
ਕਾਹੇਂ ਰੱਖਿਆ ਸੀ ਵਿਹੜਾ।
ਨੌਕਰਾ ਵੇ ਕਾਹੇਂ ਰੱਖਿਆ ਸੀ ਵਿਹੜਾ
ਇਹ ਗੱਲ ਸੁਣ ਕੇ ਦੂਜੀ ਟੋਲੀ ਦੀਆਂ ਔਰਤਾਂ ਘਰਵਾਲੇ ਦੇ ਰੂਪ ਵਿੱਚ ਇਸ ਦਾ ਜਵਾਬ ਦਿੰਦੀਆਂ ਹਨ:-
‘‘ਵਸਣੇ ਨੂੰ ਪਾਈਆਂ ਬੈਠਕਾਂ,
ਨੀ ਤੇਰੇ ਕੱਤਣੇ ਨੂੰ ਵਿਹੜਾ
ਗੋਰੀਏ ਨੀ ਤੇਰੇ….
ਕੱਤਣੇ ਨੂੰ ਵਿਹੜਾ।
ਇਸ ਤਰ੍ਹਾਂ ਸੁਆਲ-ਜਵਾਬ ਵਿੱਚ ਇਹ ਗੀਤ ਕਾਫ਼ੀ ਲੰਮਾ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਕਈ ਵਾਰ ਘਰਾਂ ਵਿੱਚ ਪਤੀ-ਪਤਨੀ ਜਾਂ ਨਨਾਣ-ਭਰਜਾਈ ਅਤੇ ਸੱਸ-ਨੂੰਹ ਦੀ ਆਪਸ ਵਿੱਚ ਕਿਸੇ ਗੱਲ ’ਤੇ ਤਕਰਾਰ ਹੋ ਜਾਂਦੀ ਹੈ ਤਾਂ ਲੜਕੀ ਆਪਣੇ ਪਤੀ ਨੂੰ ਗੀਤ ਰਾਹੀਂ ਸੰਬੋਧਨ ਕਰਕੇ ਆਪਣੇ ਸੋਹਲ ਪਣੇ ਦਾ ਅਹਿਸਾਸ ਕਰਵਾਉਂਦੀ ਹੈ। ਕਈ ਗੀਤ ਨਣਦ-ਭਰਜਾਈ ਦੇ ਪਿਆਰ ਅਤੇ ਸਾਂਝ ਨੂੰ ਵੀ ਦਰਸਾਉਂਦੇ ਹਨ ਜਿਵੇਂ:-
ਚੱਲ ਮੇਰੀ ਭਾਬੋ,
ਪਾਣੀ ਨੂੰ ਚੱਲੀਏ,
ਪਾਣੀ ਦੇ ਪੱਜ ਜੋਗੀ ਦੇਖੀਏ ਨੀ
ਅਗਲੀ ਟੋਲੀ ਭਰਜਾਈ ਦੇ ਰੂਪ ਵਿੱਚ ਇਸ ਸੁਆਲ ਦਾ ਜਵਾਬ ਦਿੰਦੀ ਹੈ:-
ਕਿੱਥੇ ਤਾਂ ਧਰਦਿਆਂ ਨਣਦੇ,
ਡੋਲ ਨੀ ਡੋਲ ਨੀ,
ਕਿੱਥੇ ਤਾਂ ਚੜ੍ਹ ਕੇ ਜੋਗੀ ਦੇਖੀਏ,
ਤਾਂ ਨਣਦ ਦੇ ਰੂਪ ਵਿੱਚ ਪਹਿਲਾਂ ਵਾਲੀ ਟੋਲੀ ਕਹਿੰਦੀ ਹੈ:-
ਨੀਵੇਂ ਤਾਂ ਧਰ ਦੇ ਭਾਬੋ ਡੋਲ ਨੀ ਡੋਲ ਨੀ,
ਉੱਚੇ ਤਾਂ ਚੜ੍ਹ ਕੇ ਜੋਗੀ ਦੇਖੀਏ ਨੀ…
ਇਨ੍ਹਾਂ ਗੀਤਾਂ ਵਿਚੱ ਬਹੁਤ ਸਾਰੇ ਗੀਤ ਭੈਣ-ਭਰਾ ਦੇ ਪਿਆਰ ਦੇ ਗੀਤ ਵੀ ਗਾਏ ਜਾਂਦੇ ਹਨ। ਫ਼ੌਜੀ ਭਰਾ ਨੂੰ ਭੈਣ ਉਡੀਕਦੀ ਹੋਈ ਕਹਿੰਦੀ ਹੈ:-
ਕੁੜਤਾ ਸਮਿਆਇਆ ਵੀਰਾ,
ਆਪਣੀ ਵੇ ਮੌਜ ਦਾ,
ਪਹਿਨਣ ਦੇ ਵੇਲੇ ਵੀਰਾ,
ਨੌਕਰ ਵੇ ਫ਼ੌਜ ਦਾ।
ਤਾਂ ਦੂਜੀ ਟੋਲੀ ਦੀਆਂ ਲੜਕੀਆਂ ਕਹਿੰਦੀਆਂ ਹਨ:-
ਛੁੱਟੀਆਂ ਨਾ ਮਿਲੀਆਂ ਭੈਣੇ,
ਤਲਬਾਂ ਨਾ ਤੁਲੀਆਂ ਨੀ,
ਸਾਡਾ ਤਾਂ ਆਉਣਾ ਬੀਬੀ,
ਸਹਿਜ ਮਤੇ…
ਇਸ ਗੀਤ ਵਿੱਚ ਹੋਰ ਵੀ ਕਾਫ਼ੀ ਕੁਝ ਗਿਣਿਆ ਜਾਂਦਾ ਹੈ। ਕਈ ਗੀਤਾਂ ਵਿੱਚ ਮਾਵਾਂ-ਧੀਆਂ ਦੇ ਪਿਆਰ ਦੀ ਝਲਕ ਆਉਂਦੀ ਹੈ ਜੋ ਕਿ ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ। ਜਿਵੇਂ:-
ਵਣ-ਵਣ ਪੀਲਾਂ,
ਪੱਕੀਆਂ ਨੀ ਮੇਰੀ ਰਾਣੀਏ ਮਾਏ,
ਹੋਈਆਂ ਲਾਲੋ ਲਾਲ ਨੀ ਭਲੀਏ..
ਧੀਆਂ ਨੂੰ ਸਹੁਰੇ ਤੋਰ ਕੇ
ਨੀ ਮੇਰੀ ਰਾਣੀਏ ਮਾਏ,
ਤੇਰਾ ਕਿਹੋ ਜਿਹਾ ਲੱਗਦਾ
ਜੀ ਨੀ ਭਲੀਏ…।
ਗੀਤ ਦੇ ਜਵਾਬ ਵਿੱਚ ਦੂਜੀ ਟੋਲੀ ਕਹਿੰਦੀ ਹੈ:-
ਔਸੀਆਂ ਪਾਉਂਦਿਆਂ ਦਿਨ
ਲੰਘੇ ਨੀ ਮੇਰੀ ਰਾਣੀਏ ਧੀਏ,
ਕੋਈ ਤਾਰਿਆਂ ਗਿਣਦੀ
ਰਾਤ ਨੀ ਭਲੀਏ…
ਟਿੱਕਾ ਕਰਾ ਦੇ ਵੀਰਾ ਹਾੜ੍ਹੀ ਨੂੰ
ਵੇਖ ਕੇ ਮਾਵਾਂ ਨੂੰ
ਚਾਅ ਚੜ੍ਹ ਜਾਂਦਾ
ਧੀਆਂ ਨੂੰ ਦੇਖ ਕੇ,
ਭਾਬੋ ਦੇ ਮੱਥੀ ਤਿਉੜੀ,
ਨਣਦਾਂ ਨੂੰ ਦੇਖ ਕੇ…
ਧੀ ਅਤੇ ਪਿਤਾ ਦੇ ਰਿਸ਼ਤੇ ਦੇ ਵੀ ਕਾਫ਼ੀ ਗੀਤ ਹਨ। ਜਿਵੇਂ:-
ਮੋਰਾਂ ਨੇ ਪੈਲਾਂ ਪਾ ਲਈਆਂ,
ਬਾਬਲ ਛਮ-ਛਮ ਰੋਵੇ,
ਤੂੰ ਕਿਉਂ ਰੋਵੇਂ ਬਾਬਲਾ,
ਧੀਆਂ ਧਨ ਵੇ ਪਰਾਇਆ।
ਇਸ ਤਰ੍ਹਾਂ ਵਿਆਹਾਂ ਵਿੱਚ ਗਾਏ ਜਾਣ ਵਾਲੇ ਗੀਤ ਸਾਡੇ ਵਿਰਸੇ ਦੀ ਖ਼ਾਸ ਨਿਸ਼ਾਨੀ ਹਨ ਜਿਹੜੇ ਹੌਲੀ-ਹੌਲੀ ਲੋਪ ਹੋ ਰਹੇ ਹਨ। ਜਦੋਂ ਤਕ ਬਜ਼ੁਰਗ ਔਰਤਾਂ ਹਨ ਉਨੀ ਦੇਰ ਤਾਂ ਇਹ ਨਿਸ਼ਾਨੀ ਕਾਇਮ ਰਹੇਗੀ। ਬਾਅਦ ਵਿੱਚ ਤਾਂ ਇਨ੍ਹਾਂ ਗੀਤਾਂ ਦਾ ਬਸ ਰੱਬ ਹੀ ਰਾਖਾ ਹੈ।

ਘੁੰਡ ਕੱਢਣੇ ਦੀ ਅਲਖ ਮੁਕਾ ਦਿੰਨੀ ਆਂ

ਘੁੰਡ ਕੱਢਣਾ ਕਦੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਿਹਾ ਹੈ। ਅੱਜ ਕਾਫ਼ੀ ਹੱਦ ਤਕ ਇਹ ਪ੍ਰਥਾ ਖ਼ਤਮ ਹੋ ਚੁੱਕੀ ਹੈ। ਭਾਵੇਂ ਅਜੇ ਕੁਝ ਕਬੀਲੇ ਜਾਂ ਪਿੰਡਾਂ ਵਿੱਚ ਥੋੜ੍ਹੀ-ਥੋੜ੍ਹੀ ਨਜ਼ਰ ਆਉਂਦੀ ਹੈ ਪਰ ਹੋਰ 20 ਕੁ ਸਾਲਾਂ ਤਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਅਰਥ ਦੱਸਣ ਦੇ ਨਾਲ ਘੁੰਡ ਕੱਢ ਕੇ ਦਿਖਾਉਣਾ ਵੀ ਪਿਆ ਕਰੇਗਾ ਕਿਉਂਕਿ ਵਿਦਿਆ ਦੇ ਪਸਾਰ, ਸੋਚ ਦੇ ਵਿਕਾਸ ਅਤੇ ਵਿਗਿਆਨਕ ਤਰੱਕੀ ਨੇ ਇਹ ਰਿਵਾਜ ਹੁਣ ਲਗਪਗ ਖ਼ਤਮ ਕਰ ਦਿੱਤਾ ਹੈ।
ਘੁੰਡ ਲੋਕ-ਲਾਜ ਅਤੇ ਸ਼ਰਮ ਦਾ ਪ੍ਰਤੀਕ ਹੁੰਦਾ ਸੀ। ਇਹ ਔਰਤ ਲਈ ਜ਼ਰੂਰੀ ਸੀ। ਵਿਆਹੀਆਂ ਵਰ੍ਹੀਆਂ ਔਰਤਾਂ ਆਪਣੇ ਸਹੁਰੇ ਘਰ ਆ ਕੇ ਆਪਣੇ ਸਹੁਰੇ, ਜੇਠ, ਪਤੀ ਦੇ ਚਾਚੇ, ਤਾਏ, ਮਾਮੇ ਤੋਂ ਘੁੰਡ ਕੱਢਦੀਆਂ ਸਨ। ਪਹਿਲਾਂ ਪਹਿਲ ਤਾਂ ਪਤੀ ਤੋਂ ਵੀ ਘੁੰਡ ਕੱਢੇ ਜਾਣ ਦਾ ਪਤਾ ਲੱਗਦਾ ਹੈ। ਉਦੋਂ ਔਰਤਾਂ ਦਾ ਪੈਰੀਂ ਹੱਥ ਲਾ ਕੇ ਸਤਿਕਾਰ ਦੇਣਾ ਅਤੇ ਗੱਲਬਾਤ ਤੇ ਕੰਮ ਕਰਨ ਸਮੇਂ ਵੀ ਘੁੰਡ ਕੱਢੀ ਰੱਖਣਾ ਜ਼ਰੂਰੀ ਸੀ। ਇਹੀ ਵਰਤਾਰਾ ਉਸ ਨੂੰ ਸੱਭਿਅਕ ਜਾਂ ਸਿਆਣੀ ਬਣਾਉਂਦਾ ਸੀ।
ਲੋਕ-ਸਾਹਿਤ ਵਿੱਚ ਆਏ ਘੁੰਡ ਤੋਂ ਪਹਿਲਾਂ ਗੁਰਬਾਣੀ ਵੱਲ ਆਈਏ। ਅਧਿਆਤਮਕ ਸੰਤ ਮਹਾਂ ਪੁਰਸ਼ਾਂ ਨੇ ਘੁੰਡ ਨੂੰ ਦੋ ਅਰਥਾਂ ਵਿੱਚ ਵਰਤਿਆ ਹੈ। ਇੱਕ ਤਾਂ ਜੀਵ ਇਸਤਰੀ (ਆਤਮਾ) ਨੇ ਘੁੰਡ ਕੱਢਿਆ ਹੋਇਆ ਹੈ। ਇਹ ਘੁੰਡ ਜਾਂ ਪਰਦਾ ਹਉਮੈਂ ਦਾ ਹੈ ਜਿਸ ਕਾਰਨ ਉਹ ਆਪਣੇ ਕੰਤ ਪ੍ਰਭੂ ਵੱਲ ਮੁੱਖ ਨਹੀਂ ਕਰਦੀ। ਦੂਜਾ ਇੱਕ ਘੁੰਡ ਪਰਮਾਤਮਾ ਨੇ ਵੀ ਰੱਖਿਆ ਹੈ ਰਹੱਸ ਦਾ। ਗੁਰੂਆਂ ਅਤੇ ਸੰਤਾਂ ਨੇ ਦੋਵੇਂ ਘੁੰਡ ਉਠਾ ਦੇਣ ਦੀ ਗੱਲ ਕਹੀ ਹੈ।
ਸੂਫ਼ੀ ਸੰਤ ਬੁੱਲ੍ਹੇ ਸ਼ਾਹ ਨੇ ਵੀ ਪਰਮਾਤਮਾ ਨੂੰ ਕਿਹਾ ਹੈ,‘‘ਘੁੰਡ ਮੁੱਖੜੇ ਤੋਂ ਲਾਹ ਓਇ ਯਾਰ।’’
ਇੱਥੇ ਘੁੰਡ ਦਾ ਭਾਵ ਰਮਜ਼ ਜਾਂ ਰਹੱਸ ਤੋਂ ਹੈ।
ਪੰਜਾਬੀ ਦੇ ਬਾਬਾ ਬੋਹੜ ਵਾਰਸ ਸ਼ਾਹ ਨੂੰ ਪੁੱਛੀਏ ਭਲਾ, ਉਹ ਘੁੰਡ ਬਾਰੇ ਕੀ ਕਹਿੰਦੇ ਹਨ। ਜੋਗੀ ਬਣਿਆ ਰਾਂਝਾ, ਘੁੰਡ ਕੱਢੀ ਹੀਰ ਨੂੰ ਘੁੰਡ ਚੁੱਕਣ ਲਈ ਇਉਂ ਕਹਿੰਦਾ ਹੈ-
ਏਸ ਘੁੰਡ ਵਿੱਚ ਬਹੁਤ ਖੁਆਰੀਆਂ ਨੇ,
ਅੱਗ ਲਾਇ ਕੇ ਘੁੰਡ ਨੂੰ ਸਾੜੀਏ ਨੀਂ।
ਤਦੋਂ ਏਹ ਜਹਾਨ ਸਭ ਨਜ਼ਰ ਆਵੇ,
ਜਦੋਂ ਘੁੰਡ ਨੂੰ ਚਾ ਉਤਾਰੀਏ ਨੀਂ।
ਵਾਰਸ਼ ਸ਼ਾਹ ਨਾ ਦੱਬੀਏ ਮੋਤੀਆਂ ਨੂੰ,
ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨੀਂ।
ਘੁੰਡ ਕੱਢਣ ਦਾ ਮਕਸਦ ਹੁਸਨ ਨੂੰ ਲੁਕਾਉਣਾ ਵੀ ਸੀ ਕਿਉਂਕਿ ਪਹਿਲੀ ਗੱਲ ਕੋਈ ਵੀ ਖ਼ੂਬਸੂਰਤ ਚੀਜ਼ ਇੱਕਦਮ ਲੋਕਾਂ ਸਾਹਮਣੇ ਨਹੀਂ ਆਉਣੀ ਚਾਹੀਦੀ। ਸੋਭਾ ਸਿੰਘ ਆਰਟਿਸਟ ਅਨੁਸਾਰ, ‘‘ਘੁੰਡ ਵਾਲੀ ਵੱਲ ਹਰ ਕੋਈ ਭੱਜ ਕੇ ਦੇਖਦਾ ਹੈ, ਵਿੱਚੋਂ ਚਾਹੇ ਬੁੱਧਵਾਰ ਦਾ ਲੌਢਾ ਪਹਿਰ ਹੀ ਹੋਵੇ।’’ ਸੁਹੱਪਣ ਨੂੰ ਨਜ਼ਰ ਲੱਗਣ ਤੋਂ ਵੀ ਬਚਾਉਣਾ ਹੁੰਦਾ ਹੈ ਤੇ ਸੁੱਖ ਨਾਲ ਰਾਖੀ ਵੀ ਕਰਨੀ ਹੁੰਦੀ ਹੈ ਪਰ ਜਿਵੇਂ ਚੰਨ ਚੜ੍ਹਿਆ ਛਿਪਦਾ ਨਹੀਂ,ਗੋਰਾ ਰੰਗ,ਖ਼ੂਬਸੂਰਤ ਨੈਣ-ਨਕਸ਼ ਘੁੰਡ ਦੇ ਅੰਦਰੋਂ ਵੀ ਚਮਕਾਂ ਮਾਰਦੇ ਅਲਬੇਲੇ ਗੱਭਰੂਆਂ ਨੂੰ ਖਿੱਚ ਪਾਉਂਦੇ ਰਹਿੰਦੇ ਹਨ।
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ,
ਘੁੰਡ ਵਿੱਚ ਕੈਦ ਕੀਤੀਆਂ।
ਘੁੰਡ ਕੱਢ ਲੈ ਪੱਤਣ ’ਤੇ ਖੜੀਏ,
ਨੀਂ ਪਾਣੀਆਂ ਨੂੰ ਅੱਗ ਲੱਗ ਜੂ।
ਘੁੰਡ ਕੱਢਣਾ ਤਬੀਤ ਨੰਗਾ ਰੱਖਣਾ,
ਛੜਿਆਂ ਦੀ ਹਿੱਕ ਲੂਹਣ ਨੂੰ।
ਪੁਰਾਣੇ ਗੀਤਾਂ ’ਚ’ ਵੀ ਆਇਆ ਹੈ-
ਘੁੰਡ ਵਿੱਚ ਨਹੀਂ ਲੁਕਦੇ,
ਸੱਜਣਾ ਨੈਣ ਕੁਆਰੇ।
ਰਾਤੀਂ ਅੰਬਰਾਂ ’ਤੇ,
ਜਿਵੇਂ ਟਹਿਕਦੇ ਤਾਰੇ।”
ਪਰ ਵਾਰਸ ਸ਼ਾਹ ਅਨੁਸਾਰ ‘ਕੋਈ ਬਚੇ ਨਾ ਇਸ਼ਕ ਦੀ ਮਾਰ ਵਿੱਚੋਂ’ ਅਨੁਸਾਰ ਨੈਣ ਤਾਂ ਘੁੰਡ ਵਿੱਚ ਲੁਕੇ ਹੋਏ ਵੀ ਸ਼ਰਾਰਤ ਕਰ ਹੀ ਜਾਂਦੇ ਨੇ-
ਅੱਖੀਆਂ ਜਾ ਲੱਗੀਆਂ,
ਜਾ ਲੱਗੀਆਂ ਘੁੰਡ ਚੀਰ।
ਪੁਰਾਣੇ ਵੇਲਿਆਂ ’ਚ ਸੁਹਾਗਣ ਲਈ ਸਹੁਰੇ ਪਿੰਡ ਵਿੱਚ ਘੁੰਡ ਕੱਢਣਾ ਬਹੁਤ ਜ਼ਰੂਰੀ ਸੀ। ਸੱਸ ਸਮੇਤ ਸਾਰਾ ਸਮਾਜ ਵਾਰ-ਵਾਰ ਯਾਦ ਕਰਵਾਉਂਦਾ ਰਹਿੰਦਾ ਸੀ ਅਤੇ ਵਿਆਹ ਵਾਲੇ ਦਿਨ ਤੋਂ ਹੀ ਘੁੰਡ ਕੱਢਣਾ ਸੁਰੂ ਹੋ ਜਾਂਦਾ ਸੀ।
ਘੁੰਡ ਕੱਢਣਾ ਮੜ੍ਹਕ ਨਾਲ ਤੁਰਨਾ,
ਨੀਂ ਚਾਅ ਮੁਕਲਾਵੇ ਦਾ।
ਘੁੰਡ ਕੱਢ ਲੈ ਪਤਲੀਏ ਨਾਰੇ,
ਨੀਂ ਸਹੁਰਿਆਂ ਦਾ ਪਿੰਡ ਆ ਗਿਆ।
ਸਹੁਰੇ ਕੋਲੋਂ ਘੁੰਡ ਕੱਢਦੀ,
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।
ਕਦੇ ਕਦੇ ਲੋਕ-ਰੰਗ ਘੁੰਡ ਤੋਂ ਵਰਜਦਾ ਵੀ ਹੈ, ਜਿਵੇਂ ਜੋਗੀਆਂ ਦੀ ਗੱਲ ਕਰਦੇ ਹੋਏ
ਘੁੰਡ ਕੱਢ ਕੇ ਖੈਰ ਨਾ ਪਾਈਏ,
ਨੀਂ ਜੋਗੀ ਹੁੰਦੇ ਰੱਬ ਵਰਗੇ।
ਤੇ ਫਿਰ ਜਦੋਂ ਕੋਈ ਨਵੀਂ ਵਿਆਹੀ ਘੁੰਡ ਕੱਢੀ ਬੈਠੀ ਭਾਬੋ ਨੂੰ ਕਿਸੇ ਵਿਆਹ ਜਾਂ ਖ਼ੁਸ਼ੀ ਦੇ ਸਮੇਂ ਕੁੜੀਆਂ-ਚਿੜੀਆਂ ਗਿੱਧੇ ’ਚ’ਨੱਚਣ ਲਈ ਕਹਿੰਦੀਆਂ ਹਨ ਤਾਂ ਸੱਦ ਕੁਝ ਇਸ ਤਰ੍ਹਾਂ ਉਠਦੀ ਹੈ-
ਘੁੰਡ ਦਾ ਗੋਰੀਏ ਕੰਮ ਕੀ ਗਿੱਧੇ ਵਿੱਚ,
ਇੱਥੇ ਬੈਠੇ ਤੇਰੇ ਹਾਣੀ।
ਨੀਂ ਜਾਂ ਘੁੰਡ ਕੱਢਦੀ ਬਹੁਤੀ ਸੋਹਣੀ,
ਜਾਂ ਘੁੰਡ ਕੱਢਦੀ ਕਾਣੀ।
ਨੀਂ ਤੂੰ ਤਾਂ ਮੈਨੂੰ ਦਿਸੇਂ ਮਜਾਜਣ,
ਘੁੰਡ ’ਚੋਂ ਰਮਜ਼ ਪਛਾਣੀ।
ਖੁੱਲ੍ਹ ਕੇ ਨੱਚ ਲੈ ਨੀਂ,
ਬਣ ਜਾ ਗਿੱਧੇ ਦੀ ਰਾਣੀ।
ਉਸ ਸਮੇਂ ਵੀ ਕਈਆਂ ਨੂੰ ਘੁੰਡ ਕੱਢਣਾ ਪਸੰਦ ਨਹੀਂ ਸੀ ਹੁੰਦਾ ਤੇ ਕੋਈ ਨੂੰਹ ਘੁੰਡ ਤੋਂ ਔਖੀ ਹੋ ਕਹਿ ਉÎੱਠਦੀ:
ਕੋਰੀ ਕੋਰੀ ਕੂੰਡੀ ਵਿੱਚ ਮਿਰਚਾਂ ਮੈਂ ਰਗੜਾਂ,
ਸਹੁਰੇ ਦੀ ਅੱਖ ਵਿੱਚ ਪਾ ਦਿੰਨੀ ਆਂ।
ਘੁੰਡ ਕੱਢਣੇ ਦੀ ਅਲਖ ਮੁਕਾ ਦਿੰਨੀ ਆਂ।
ਇਹ ਤਾਂ ਸਿਰਫ਼ ਉਸ ਦੀ ਹੂਕ ਹੀ ਸੀ ਪਰ ਉਹ ਇਸ ਤਰ੍ਹਾਂ ਕਰ ਨਹੀਂ ਸੀ ਸਕਦੀ।
ਅੱਜ ਕੁੜੀਆਂ ਬਹੂਆਂ ਨੂੰ ਸਾਧਾਰਨ ਰੂਪ ਵਿੱਚ ਚੁੰਨੀ ਗਲ਼ ’ਚ’ਪਾਉਣੀ ਵੀ ਔਖੀ ਲੱਗਦੀ ਹੈ, ਕੇਸ ਵੀ ਭਾਰੇ ਲੱਗਣ ਲੱਗ ਪਏ ਹਨ। ਪਿਛਲੇ ਸਮੇਂ ਦੂਹਰੀਆਂ ਚੁੰਨੀਆਂ ਨਾਲ ਸਿਰ ਢਕ ਕੇ ਕੰਮ ਕਰਦੀਆਂ ਅਤੇ ਘੁੰਡ ਦੀ ਪਾਲਣਾ ਕਰਦੀਆਂ ਔਰਤਾਂ ਨੂੰ ਯਾਦ ਕਰਦੇ ਹਾਂ ਤਾਂ ਗੁਰਦਾਸ ਮਾਨ ਦੇ ਬੋਲ ਮੱਲੋ ਮੱਲੀ ਚੇਤੇ ਆ ਜਾਂਦੇ ਹਨ-
ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ,
ਹੁਣ ਚੱਲ ਪਏ ਵਲਾਇਤੀ ਬਾਣੇ।
ਵੈਸੇ ਘੁੰਡ ਦਾ ਚੁੱਕਿਆ ਜਾਣਾ ਠੀਕ ਹੈ ਤੇ ਔਰਤ ਦੇ ਬਰਾਬਰ ਦੇ ਅਧਿਕਾਰ ਵੀ ਮੰਗ ਕਰਦੇ ਹਨ ਕਿ ਉਹ ਮਰਦ ਦੇ ਬਰਾਬਰ ਕਦਮ ’ਚ’ਕਦਮ ਮਿਲਾ ਕੇ ਚੱਲੇ ਪਰ‘ਸ਼ਰਮ ਹਯਾ ਤੇ‘ਲੋਕ ਲਾਜ ਦਾ ਚੁੱਕਿਆ ਜਾਣਾ ਤਾਂ ਸੱਭਿਆਚਾਰ ਦੀ ਗਿਰਾਵਟ ਦਾ ਹੀ ਪ੍ਰਤੀਕ ਹੈ ਤੇ ਇਸ ਨੂੰ ਪਿਛਾਂਹਖਿੱਚੂ ਸੋਚ ਵੀ ਨਹੀਂ ਕਿਹਾ ਜਾ ਸਕਦਾ। ਘੁੰਡ ਨਾਲ ਹੀ ਔਰਤ ਦੇ ਸਦਾਚਾਰ ਅਤੇ ਸਲੀਕੇ ਦਾ ਪਤਾ ਲੱਗਦਾ ਹੈ। ਇਹ ਕੋਈ ਬੰਧਨ ਨਾ ਹੋ ਕੇ ਸੱਭਿਆਚਾਰ ਦਾ ਅਹਿਮ ਅੰਗ ਹੈ।









