• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  ਚਿੜੀਓਂ ਸੇ ਮੈਂ ਬਾਜ਼ ਤੁੜਾਊਂਸਵਾ ਲਾਖ ਸੇ ਏਕ ਲੜਾਊਂਤਬੈ ਗੋਬਿੰਦ ਸਿੰਘ ਨਾਮ ਕਹਾਊਂ।।

  ਚਿੜੀਓਂ ਸੇ ਮੈਂ ਬਾਜ਼ ਤੁੜਾਊਂ
  ਸਵਾ ਲਾਖ ਸੇ ਏਕ ਲੜਾਊਂ
  ਤਬੈ ਗੋਬਿੰਦ ਸਿੰਘ ਨਾਮ ਕਹਾਊਂ।।

  7 notes

  ਵਿਸਾਖੀ ਦੀ ਰੂਹ ਭੰਗੜਾ

  ਖ਼ੁਸ਼ੀਆਂ ਖੇੜਿਆਂ ਦਾ ਪ੍ਰਤੀਕ  ਵਿਸਾਖੀ ਦਾ ਤਿਉਹਾਰ ਭਾਰਤੀਆਂ ਖ਼ਾਸਕਰ ਪੰਜਾਬੀਆਂ ਲਈ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ  ਮਹੱਤਤਾ ਰੱਖਦਾ ਹੈ। ਖ਼ਾਲਸਾ ਪੰਥ ਦੀ ਸਾਜਨਾ ਅਤੇ ਜਲ੍ਹਿਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਵਿਸਾਖੀ ਨਾਲ ਸਬੰਧਿਤ ਅਹਿਮ ਇਤਿਹਾਸਕ ਘਟਨਾਵਾਂ ਹਨ।

  ਸੱਭਿਆਚਾਰਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਵਿਸਾਖੀ ਅਸਲ ਵਿੱਚ ਕਿਸਾਨਾਂ ਦਾ ਤਿਉਹਾਰ ਹੈ ਜਿਸ ਨੂੰ ਉੱਤਰੀ ਭਾਰਤ ਵਿੱਚ ਬੜੇ ਉਤਸ਼ਾਹ ਨਾਲ ਦਰਿਆਵਾਂ, ਝੀਲਾਂ ਅਤੇ ਸਰੋਵਰਾਂ ਦੇ ਕੰਢੇ ਮਨਾਇਆ ਜਾਂਦਾ ਹੈ। ਉੱਤਰੀ ਭਾਰਤ ਦੀ ਹਾੜ੍ਹੀ ਦੀ ਫ਼ਸਲ ਕਣਕ, ਜੋ ਇਸ ਖਿੱਤੇ ਦੀ ਮੁੱਖ ਫ਼ਸਲ ਹੈ, ਇਸ ਸਮੇਂ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਫ਼ਸਲ ਨਾਲ ਕਿਸਾਨਾਂ ਦੀਆਂ ਆਰਥਿਕ, ਸਮਾਜਿਕ ਅਤੇ ਮਾਨਸਿਕ ਲੋੜਾਂ ਤੇ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਦੋਂ ਜੋਬਨ ’ਤੇ ਆਈ ਕਣਕ ਦੀ ਫ਼ਸਲ ਦੇ ਸੁਨਹਿਰੀ ਸਿੱਟੇ ਹਵਾ ਵਿੱਚ ਝੂਮਦੇ ਹਨ ਤਾਂ ਕਿਸਾਨ ਦਾ ਮਨ ਵਜਦ ਵਿੱਚ ਆ ਜਾਂਦਾ ਹੈ। ਭਰਪੂਰ ਫ਼ਸਲ ਦੀ ਪ੍ਰਾਪਤੀ ਲਈ ਸ਼ੁਕਰਾਨੇ ਵਜੋਂ ਕਿਸਾਨ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਨ। ਸਾਰੇ ਲੋਕ ਇਹ ਤਿਉਹਾਰ ਉਸੇ ਉਤਸ਼ਾਹ ਨਾਲ ਮਨਾਉਂਦੇ ਹਨ ਜਿਸ ਉਤਸ਼ਾਹ ਨਾਲ਼ ਕਿਸਾਨ ਮਨਾਉਂਦਾ ਹੈ। ਔਰਤਾਂ, ਮਰਦ, ਗੱਭਰੂ, ਮੁਟਿਆਰਾਂ ਤੇ ਬੱਚੇ ਬੈਲ ਗੱਡੀਆਂ, ਘੋੜੀਆਂ, ਊਠਾਂ ਅਤੇ ਟਰੈਕਟਰਾਂ ’ਤੇ ਸਵਾਰ ਹੋ ਕੇ ਵਿਸਾਖੀ ਦਾ ਮੇਲਾ ਦੇਖਣ ਜਾਂਦੇ ਹਨ। ਮੇਲਾ ਵੇਖਣ ਜਾਂਦੇ ਪੰਜਾਬੀਆਂ ਦੀ ਤਾਬ ਝੱਲੀ ਨਹੀਂ ਜਾਂਦੀ। ਉਹ ਖ਼ੁਦ ਨੂੰ ਸ਼ਿੰਗਾਰ ਕੇ ਵੰਨ-ਸੁਵੰਨੇ ਪਹਿਰਾਵੇ ਪਹਿਨ ਮੇਲੇ ਦੀ ਰੌਣਕ ਵਧਾਉਂਦੇ ਹਨ। ਪੰਜਾਬ ਦੀ ਨੱਚਦੀ-ਗਾਉਂਦੀ ਸੰਸਕ੍ਰਿਤੀ ਲੋਕ ਮਨਾਂ ਨੂੰ ਤ੍ਰਿਪਤ ਕਰਦੀ ਹੈ। ਗੱਭਰੂ ਮਸਤੀ ਵਿੱਚ ਝੂੰਮਦੇ ਹੋਏ ਢੋਲ ਦੇ ਡੱਗੇ ਦੀ ਤਾਲ ’ਤੇ ਭੰਗੜਾ ਪਾਉਂਦੇ ਹਨ। ਭੰਗੜਾ  ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ ਜੋ ਪੁਰਾਤਨ ਸਮੇਂ ਤੋਂ ਹੀ ਪੱਛਮੀ ਪੰਜਾਬ ਵਿੱਚ ਵਿਸਾਖੀ ਮੌਕੇ ਪਾਇਆ ਜਾਂਦਾ ਰਿਹਾ ਹੈ। ਤਕਰੀਬਨ ਹਰ ਪਿੰਡ ਵਿੱਚ ਭੰਗੜੇ ਪੈਂਦੇ ਸਨ। ਸਰਗੋਧਾ, ਸਿਆਲਕੋਟ ਅਤੇ ਗੁੱਜਰਾਂਵਾਲਾ ਦੇ ਇਲਾਕੇ ਵਿੱਚ ਵਿਸਾਖੀ ਨੂੰ ਵਿਸ਼ੇਸ਼ ਤੌਰ ’ਤੇ ਭੰਗੜੇ ਪੈਂਦੇ ਸਨ। ਐਬਟਾਬਾਦ ਦੀ ਵਿਸਾਖੀ ਦੇ ਮੇਲੇ ’ਤੇ ਤਾਂ ਭੰਗੜੇ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਸਨ। ਲੋਕ ਨਾਚ ਭੰਗੜੇ ਵਿੱਚ ਵਿਸਾਖੀ ਦੀ ਰੂਹ ਵਿਦਮਾਨ ਹੈ। ਕਿਸਾਨ ਸੁਨਹਿਰੀ ਕਣਕਾਂ ਨੂੰ ਵੇਖ ਕੇ ਵਜਦ ਵਿੱਚ ਆ ਜਾਂਦੇ ਹਨ। ਢੋਲੀ, ਜੋ ਆਮ ਕਰਕੇ ਭਰਾਈ ਹੁੰਦੇ ਸਨ, ਢੋਲ ’ਤੇ ਡੱਗਾ ਮਾਰਦਾ ਹੈ। ਡੱਗਾ ਵੱਜਦੇ ਹੀ ਗੱਭਰੂ ਘਰਾਂ ’ਚੋਂ ਨਿਕਲ ਤੁਰਦੇ ਹਨ। ਢੋਲ ਦੀ ਆਵਾਜ਼ ਧੂਹ ਪਾਉਂਦੀ ਹੈ। ਖ਼ੁਸ਼ੀ ਵਿੱਚ ਖੀਵਾ ਹੋਇਆ ਕੋਈ ਗੱਭਰੂ ਕੰਨ ’ਤੇ ਹੱਥ ਰੱਖ ਕੇ ਹੇਕ ਲਾਉਂਦਾ ਹੈ:

  ਪਾਰ ਝਨਾਉਂ ਦਿਸਦਾ ਈ ਬੇਲਾ
  ਦੱਬ ਕੇ ਡੱਗਾ ਮਾਰ ਓ ਸੇ
  ਦੁਨੀਆਂ ਝੱਟ ਦਾ ਮੇਲਾ।

  ਪਿੰਡ ਦੀ ਮੋਕਲੀ ਸੱਥ ਵਿੱਚ ਖੜੋਤਾ ਢੋਲੀ ਢੋਲ ’ਤੇ ਡੱਗਾ ਮਾਰਦਾ ਹੈ ਤੇ ਗੱਭਰੂ ਉਸ ਦੁਆਲੇ ਘੇਰਾ ਘੱਤ ਲੈਂਦੇ ਹਨ। ਡੱਗੇ ਦੀ ਮਿੱਠੀ-ਮਿੱਠੀ ਤਾਲ ਹੌਲੀ-ਹੌਲੀ ਤੇਜ਼ ਹੁੰਦੀ ਜਾਂਦੀ ਹੈ ਤੇ ਨਾਚ ਸ਼ੁਰੂ ਹੋ ਜਾਂਦਾ ਹੈ। ਗੱਭਰੂ ਮਸਤੀ ਵਿੱਚ  ਆ ਕੇ ਗੋਲ ਦਾਇਰੇ ’ਚ ਹੌਲੀ-ਹੌਲੀ ਝੂੰਮਦਿਆਂ ਢੋਲ ਦੇ ਡੱਗੇ ਨਾਲ ਤਾਲ ਮਿਲਾਉਂਦੇ, ਆਪਣੇ ਪੈਰਾਂ ਅਤੇ ਹੱਥਾਂ ਨੂੰ ਹਿਲਾਉਂਦੇ, ਸਰੀਰਾਂ ਨੂੰ ਲਚਕਾਉਂਦੇ, ਮੋਢੇ ਮਾਰਦੇ ਅਤੇ ‘ਹਈ ਸ਼ਾ, ਹਈ  ਸ਼ਾ’ ਬੋਲਦੇ ਹੋਏ ਨੱਚਦੇ ਹਨ। ਨਾਚ ਤੇਜ਼ੀ ਫੜਦਾ ਹੈ। ਕਦੀ ਗੱਭਰੂ ਦਾਇਰੇ ਤੋਂ ਬਾਹਰ ਨਿਕਲ ਕੇ ਜੋਟੀਆਂ ਬਣਾ ਕੇ ਪੈਰਾਂ ਭਾਰ ਬੈਠਦੇ ਹੋਏ ਅੱਗੇ-ਪਿੱਛੇ ਨੱਚਦੇ ਹਨ। ਕੋਈ ਕੀਮਾ-ਮਲਕੀ ਦਾ ਖੂਹ ’ਤੇ ਪਾਣੀ ਪਿਆਉਣ ਦਾ ਸਾਂਗ ਕਰਦਾ ਹੈ, ਕੋਈ ਸੱਪ ਤੇ ਬਗਲੇ ਦੀ ਝਾਕੀ ਪੇਸ਼ ਕਰਦਾ ਹੈ। ਉਨ੍ਹਾਂ ਦੀਆਂ ਵੰਨ-ਸੁਵੰਨੀਆਂ ਹਰਕਤਾਂ ਦਰਸ਼ਕਾਂ ਦਾ ਮਨ ਮੋਹ ਲੈਂਦੀਆਂ ਹਨ। ਢੋਲੀ ਤਾਲ ਨੂੰ ਤੇਜ਼ ਕਰਦਾ ਹੈ ਤੇ ਨਾਲ ਹੀ ਨੱਚਣ ਵਾਲੇ ਵੀ ਆਪਣੀਆਂ ਹਰਕਤਾਂ ਤੇਜ਼ ਕਰੀ ਜਾਂਦੇ ਹਨ। ਸਾਰਿਆਂ ਦੇ ਸਰੀਰ ਮੁੜ੍ਹਕੋ-ਮੁੜ੍ਹਕੀ ਹੋ ਜਾਂਦੇ ਹਨ। ਢੋਲੀ ਤਾਲ ਬਦਲਦਾ ਹੈ ਤੇ ਸਾਰੇ ਪਾਸੇ ਚੁੱਪ ਛਾ ਜਾਂਦੀ ਹੈ। ਨਾਚ ਰੁਕ ਜਾਂਦਾ ਹੈ। ਫਿਰ ਘੇਰੇ ਵਿੱਚੋਂ ਇੱਕ ਗੱਭਰੂ ਅੱਗੇ ਵਧਦਾ ਹੈ ਤੇ ਆਪਣਾ ਇੱਕ ਹੱਥ ਆਪਣੇ ਕੰਨ ਅਤੇ ਦੂਜਾ ਢੋਲ ’ਤੇ ਰੱਖ ਕੇ ਕਿਸੇ ਢੋਲੇ ਨੂੰ ਹੇਕ ਨਾਲ ਗਾਉਂਦਾ ਹੈ:

  ਕੰਨਾਂ ਨੂੰ ਬੁੰਦੇ ਸਿਰ ਛੱਤੇ ਨੇ ਕਾਲ਼ੇ
  ਦਹੀਂ ਦੇ ਧੋਤੇ ਮੇਰੇ ਮੱਖਣਾਂ ਦੇ ਪਾਲੇ
  ਰਲ ਮਿੱਟੀ ਵਿੱਚ ਗਏ ਨੇ
  ਸੱਜਣ ਕੌਲ਼ ਨਹੀਂ ਪਾਲੇ
  ਤੇਰੇ ਬਾਝੋਂ ਢੋਲਿਆ
  ਸਾਨੂੰ ਕੌਣ ਸੰਭਾਲੇ।

  ਕੋਈ ਹੋਰ ਗੱਭਰੂ ਅੱਗੇ ਵਧ ਕੇ ਹੇਕ ਲਾਉਂਦਾ ਹੈ:

  ਚੜ੍ਹਿਆ ਏ ਚੰਨ
  ਨਾਲੇ ਚੜ੍ਹੀਆਂ ਨੇ ਤਾਰੀਆਂ
  ਕੁਝ ਡੁੱਬ ਗਈਆਂ
  ਤੇ ਕੁਝ ਡੁੱਬਣ ਹਾਰੀਆਂ
  ਮੇਰਾ ਪੀਠਾ ਸੁਰਮਾ
  ਲੁੱਟ ਲਿਆ ਕੁਆਰੀਆਂ
  ਉਨ੍ਹਾਂ ਕੀ ਵਸਣਾ ਸਹੁਰੇ ਸੇ
  ਜਿਨ੍ਹਾਂ ਪੇਕੇ ਲਾਈਆਂ ਯਾਰੀਆਂ…

  ਜਦੋਂ ਢੋਲਾ ਖ਼ਤਮ ਹੁੰਦਾ ਹੈ ਤਾਂ ਢੋਲੀ ਫਿਰ ਢੋਲ ’ਤੇ ਡੱਗਾ ਮਾਰਦਾ ਹੈ ਤੇ ਨਾਚ ਵਾਲਾ ਤਾਲ ਵੱਜਦਾ ਹੈ ਤੇ ਨਾਚ ਮੁੜ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਵਾਂਗ ਨਾਚ ਦੀ ਗਤੀ ਹੌਲੀ ਹੁੰਦੀ ਹੈ ਤੇ ਤਾਲ ਦੀ ਰਫ਼ਤਾਰ ਨਾਲ ਤੇਜ਼ ਹੋ ਜਾਂਦੀ ਹੈ। ਨਾਚ ਦਾ ਘੇਰਾ ਘਟਦਾ-ਵਧਦਾ ਰਹਿੰਦਾ ਹੈ। ਜਿਹੜੇ ਥੱਕ ਜਾਂਦੇ ਹਨ, ਉਹ ਬੈਠ ਜਾਂਦੇ ਹਨ ਤੇ ਨਾਲੋ-ਨਾਲ ਹੋਰ ਗੱਭਰੂ ਘੇਰੇ ਵਿੱਚ ਸ਼ਰੀਕ ਹੋਈ ਜਾਂਦੇ ਹਨ। ਇਸ ਰਵਾਇਤੀ ਨਾਚ ਵਿੱਚ ਨੱਚਣ ਵਾਲਿਆਂ ਦੀ ਕੋਈ ਪੱਕੀ ਗਿਣਤੀ ਨਹੀਂ ਹੁੰਦੀ। ਇੱਕ ਗੱਲ ਲਾਜ਼ਮੀ ਹੈ ਕਿ ਕੋਈ ਨਚਾਰ ਤਾਲ ਨਾ ਤੋੜੇ ਤੇ ਢੋਲ ਦੀ ਤਾਲ ’ਤੇ ਨੱਚਦਾ ਰਹੇ, ਸਰੀਰਕ ਹਰਕਤਾਂ ਜਿਵੇਂ ਮਰਜ਼ੀ ਕਰੀ ਜਾਵੇ। ਇਸ ਨਾਚ ਦੀ ਹੋਰਨਾਂ ਲੋਕ ਨਾਚਾਂ ਵਾਗ ਕੋਈ ਬੱਝਵੀਂ ਤਕਨੀਕ ਨਹੀਂ ਹੈ। ਇਸ ਲਈ ਵਿਸ਼ੇਸ਼ ਪਹਿਰਾਵੇ ਦੀ ਵੀ ਲੋੜ ਨਹੀਂ ਪਰ ਅੱਜ-ਕੱਲ੍ਹ ਸਕੂਲਾਂ ਅਤੇ ਕਾਲਜਾਂ ਵਾਲੇ ਆਪਣੀਆਂ-ਆਪਣੀਆਂ ਭੰਗੜਾ ਟੀਮਾਂ ਲਈ ਵਿਸ਼ੇਸ਼ ਪ੍ਰਕਾਰ ਦੀਆਂ ਪੁਸ਼ਾਕਾਂ ਤਿਆਰ ਕਰਵਾਉਂਦੇ ਹਨ ਜਿਨ੍ਹਾਂ ਵਿੱਚ ਆਮ ਕਰਕੇ ਚਾਦਰੇ, ਕਮੀਜ਼ਾਂ ਅਤੇ ਜਾਕਟਾਂ ਹੁੰਦੀਆਂ ਹਨ। ਅੱਜ-ਕੱਲ੍ਹ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਯੂਥ ਫ਼ੈਸਟੀਵਲਾਂ ’ਚ ਭੰਗੜੇ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਹ ਅਜੋਕੇ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਬਣ ਗਿਆ ਹੈ। ਜੋਸ਼ ਭਰਪੂਰ ਅਤੇ ਵਲਵਲਿਆਂ ਭਰਪੂਰ ਇਸ ਨਾਚ ਦੀਆਂ ਧੁੰਮਾਂ ਪੂਰੀ ਦੁਨੀਆਂ ਵਿੱਚ ਪੈ ਰਹੀਆਂ ਹਨ।

  0 notes

  ਪੱਕ ਪਈਆਂ ਕਣਕਾਂ…

  ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਖੇਤੀ ਵਿੱਚ ਸਭ ਤੋਂ ਮੋਹਰੀ ਰਹੀ ਹੈ। ਪਿਛਲੇ ਕੋਈ ਢਾਈ ਦਹਾਕਿਆਂ ਤੋਂ ਪੰਜਾਬ ਦਾ ਉੱਦਮੀ ਕਿਸਾਨ ਕਣਕ ਤੇ ਝੋਨੇ ਦਾ ਵੱਧ ਝਾੜ ਲੈਣ ਵਿੱਚ ਵੀ ਪਹਿਲੇ ਨੰਬਰ ’ਤੇ ਆ ਰਿਹਾ ਹੈ। ਖੇਤੀ ਦੇ ਧੰਦੇ ’ਤੇ ਕਿਸਾਨ ਪਰਿਵਾਰਾਂ ਦੇ ਨਾਲ-ਨਾਲ ਖੇਤ ਮਜ਼ਦੂਰ, ਲੁਹਾਰ, ਜੁਲਾਹਾ, ਮੋਚੀ, ਛੋਟਾ ਦੁਕਾਨਦਾਰ, ਆੜ੍ਹਤੀ, ਪਸ਼ੂ-ਪੰਛੀ ਸਾਰੇ ਹੀ ਨਿਰਭਰ ਕਰਦੇ ਹਨ। ਇਨ੍ਹਾਂ ਨੂੰ ਰੁਜ਼ਗਾਰ ਤੇ ਪੇਟ ਭਰਨ ਲਈ ਦਾਣੇ-ਫੱਕੇ, ਸਾਗ-ਸੱਤੂ ਆਦਿ ਵੀ ਖੇਤੀ ਤੋਂ ਹੀ ਮਿਲਦਾ ਹੈ। ਖੇਤੀਬਾੜੀ ਤੇ ਫ਼ਸਲਾਂ ਦੀ ਉਪਜ ਨਾਲ ਹੀ ਕਾਰਖਾਨੇ ਚੱਲਦੇ ਹਨ ਤੇ ਵਿਕਾਸ ਹੁੰਦਾ ਹੈ।

  ਜਿੱਥੋਂ ਤਕ ਪੰਜਾਬ ਦਾ ਸਵਾਲ ਹੈ ਇੱਥੇ ਪਹਿਲਾਂ ਕਣਕ ਹੀ ਮੁੱਖ ਫ਼ਸਲ ਗਿਣੀ ਜਾਂਦੀ ਸੀ ਤੇ ਸਾਉਣੀ ਦੀਆਂ ਫ਼ਸਲਾਂ ਬਹੁਤੀਆਂ ਲਾਹੇਵੰਦ ਨਹੀਂ ਸਨ ਹੁੰਦੀਆਂ। ਭਾਵੇਂ ਹੁਣ ਪੰਜਾਬ ਦੇ ਕਿਸਾਨ ਨੇ ਝੋਨੇ ਦੀ ਫ਼ਸਲ ਨੂੰ ਵੱਧ ਲਾਹੇਵੰਦ ਬਣਾ ਲਿਆ ਪਰ ਫਿਰ ਵੀ ਕਣਕ ਮੁੱਖ ਫ਼ਸਲ ਹੀ ਗਿਣੀ ਜਾਂਦੀ ਹੈ। ਪੰਜਾਬ ਦਾ ਸੱਭਿਆਚਾਰ, ਤਿੱਥ, ਤਿਉਹਾਰ, ਮੇਲੇ ਤੇ ਵਿਆਹ-ਮੁਕਲਾਵੇ ਵੀ ਖੇਤੀ ਨਾਲ ਹੀ ਜੁੜੇ ਹੋਏ ਹਨ। ਪਹਿਲਾਂ ਮੁੱਖ ਫ਼ਸਲ ਸਿਰਫ਼ ਕਣਕ ਹੋਣ ਕਾਰਨ ਕਿਸਾਨ ਇਹ ਫ਼ਸਲ ਮੰਡੀ ਵਿੱਚ ਵੇਚਣ ਉਪਰੰਤ ਹੀ ਆਪਣੇ ਪਰਿਵਾਰ ਦੀਆਂ ਆਰਥਿਕ ਤੇ ਹੋਰ ਲੋੜਾਂ ਪੂਰੀਆਂ ਕਰਦਾ ਸੀ। ਇੱਥੋਂ ਤਕ ਕਿ ਆਪਣੀ ਮੁਟਿਆਰ ਹੋਈ ਧੀ ਦੇ ਹੱਥ ਪੀਲੇ ਕਰਨ ਲਈ ਵੀ ਕਣਕ ਦੀ ਫ਼ਸਲ ਦੀ ਉਡੀਕ ਕੀਤੀ ਜਾਂਦੀ ਸੀ। ਕਣਕ ਦੀ ਫ਼ਸਲ ਤੇ ਧੀ ਦੇ ਹੱਥ ਪੀਲੇ ਕਰਨ ਬਾਰੇ ਪੰਜਾਬੀ ਸੱਭਿਆਚਾਰ ਵਿੱਚ ਪੰਜਾਬ ਦੀ ਕੋਇਲ ਮਰਹੂਮ ਸੁਰਿੰਦਰ ਕੌਰ ਤੇ ਉਨ੍ਹਾਂ ਦੀ ਭੈਣ ਪ੍ਰਕਾਸ਼ ਕੌਰ ਵੱਲੋਂ ਗਾਇਆ ਇਹ ਗੀਤ ਇਹੋ ਦਰਸਾਉਂਦਾ ਜਾਪਦਾ ਹੈ:

  ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀਂ ਮਾਏ…

  ਕਣਕ ਦੀ ਫ਼ਸਲ ਵੇਚ, ਆੜ੍ਹਤੀ ਤੋਂ ਪੈਸੇ ਫੜ ਕੇ ਤੇ ਕੁਝ ਹੋਰ ਕਰਜ਼ ਚੁੱਕ ਕੇ ਉਹ ਆਪਣੀ ਧੀ ਦੀ ਡੋਲੀ ਤੋਰਦਾ ਤੇ ਪੁੱਤ ਨੂੰ ਵਿਆਹ ਕੇ ਨੂੰਹ ਘਰ ਲਿਆਉਂਦਾ ਸੀ।

  ਵਿਸਾਖੀ ਦੇ ਤਿਉਹਾਰ ਦੀ ਗੱਲ ਕਰੀਏ ਤਾਂ ਇਸ ਦੀ ਸਿੱਖ ਧਰਮ ਤੇ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ। ਵਿਸਾਖੀ ਆਉਣ ਤਕ ਮੌਸਮ ਦਾ ਮਿਜ਼ਾਜ ਬਦਲ ਜਾਂਦਾ ਹੈ ਤੇ ਗਰਮੀ ਦੀ ਸ਼ੁਰੂਆਤ ਹੁੰਦੀ ਹੈ ਤਾਂ ਹਰੀ-ਭਰੀ ਕਣਕ ਦੀਆਂ ਦਾਣਿਆਂ ਨਾਲ ਭਰੀਆਂ ਬੱਲੀਆਂ ਸੋਨੇ ਰੰਗੀਆਂ ਹੋ ਜਾਂਦੀਆਂ ਹਨ ਜੋ ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਹਨ। ਅਜਿਹੀ ਭਰਵੀਂ ਫ਼ਸਲ ਨੂੰ ਦੇਖ ਕੇ ਕਿਸਾਨ ਦੇ ਮਨ ਅੰਦਰ ਇੱਕ ਪਾਸੇ ਮੀਂਹ ਹਨੇਰੀ ਦਾ ਡਰ ਬਣਿਆ ਹੁੰਦਾ ਹੈ। ਦੂਜੇ ਪਾਸੇ ਉਸ ਦੇ ਮਨ ਵਿੱਚ ਪੈਦਾ ਹੋਇਆ ਉਤਸ਼ਾਹ ਉਸ ਨੂੰ ਆਪ-ਮੁਹਾਰੇ ਹੀ ਨੱਚਣ-ਝੂਮਣ ਲਈ ਮਜਬੂਰ ਕਰਦਾ ਹੈ। ਫ਼ਸਲ ਘਰ ਆਉਣ ਦੀ ਉਡੀਕ ਤੇ ਵਿਸਾਖੀ ਦੇ ਮੇਲੇ ਦਾ ਵਰਣਨ ਉੱਘੇ ਪੰਜਾਬੀ ਕਵੀ ਲਾਲਾ ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ਵਿੱਚ ਇਉਂ ਕੀਤਾ ਹੈ:

  ਪੱਕ ਪਈਆਂ ਕਣਕਾਂ ਲੁਕਾਠ ਰੱਸਿਆ,
  ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ,
  ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ,
  ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ,
  ਪੁੰਗਰੀਆਂ ਵੇਲਾਂ, ਵੇਲਾਂ ਰੁੱਖੀਂ ਚੜ੍ਹੀਆਂ,
  ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ।
  ਸਾਈਂ ਦੀ ਨਿਗਾਹ ਜੱਗ ’ਤੇ ਸਵੱਲੀ ਏ,
  ਚੱਲ ਨੀਂ ਪ੍ਰੇਮੀਏ ਵਿਸਾਖੀ ਚੱਲੀਏ।

  ਇਸ ਤਰ੍ਹਾਂ ਲਾਲਾ ਧਨੀ ਰਾਮ ਚਾਤ੍ਰਿਕ ਕਣਕ ਦੀ ਫ਼ਸਲ ਪੱਕਣ ’ਤੇ ਖ਼ੁਸ਼ੀ ਵਿੱਚ ਖੀਵੇ ਹੋਏ ਕਿਸਾਨ ਦਾ ਮੇਲੇ ਵਿੱਚ ਆਪਣੀਆਂ ਘਰਵਾਲੀ ਨੂੰ ਲਿਜਾਣ, ਬਾਗ਼ਾਂ ਵਿੱਚ ਆਈ ਬਹਾਰ, ਗੁਲਾਬ ਦੇ ਖਿੜੇ ਫੁੱਲਾਂ ਦੀ ਮਹਿਕ, ਬੇਰੀਆਂ, ਅੰਬਾਂ ’ਤੇ ਆਏ ਬੂਰ ਅਤੇ ਸਾਰੇ ਵੇਲ ਬੂਟਿਆਂ ’ਤੇ ਆਈ ਰੌਣਕ ਦਾ ਜ਼ਿਕਰ ਕਰਦਾ ਹੈ। ਪੰਜਾਬੀ ਲੋਕ ਗੀਤਾਂ ਵਿੱਚ ਅਕਸਰ ਕਣਕ ਦੀ ਫ਼ਸਲ ਦੀ ਝਲਕ ਆਮ ਮਿਲਦੀ ਹੈ। ਇੱਕ ਪੰਜਾਬਣ ਮੁਟਿਆਰ ਕਣਕ ਦੀ ਤਿਆਰ ਹੋਈ ਫ਼ਸਲ ਤੇ ਆਪਣੇ ਮਨ ਦੇ ਹਾਵ-ਭਾਵ ਗੀਤ ਰਾਹੀਂ ਇਸ ਤਰ੍ਹਾਂ ਪੇਸ਼ ਕਰਦੀ ਹੈ:

  ਬੱਗੀ ਬੱਗੀ ਕਣਕ ਦੇ ਮੰਡੇ ਮੈਂ ਪਕਾਉਨੀ ਆਂ
  ਛਾਵੇਂ ਬਹਿ ਕੇ ਖਾਵਾਂਗੇ, ਚਿੱਤ ਕਰੂ ਮੁਕਲਾਵੇ ਜਾਵਾਂਗੇ।

  ਕਣਕ ਸਾਡੀ ਖੁਰਾਕ ਦਾ ਮੁੱਖ ਸੋਮਾ ਹੈ। ਇਸ ਦੇ ਨਾਲ ਹੀ ਇਸ ’ਤੇ ਸਾਡਾ ਅਰਥਚਾਰਾ, ਸੱਭਿਆਚਾਰ ਅਤੇ ਰੀਤੀ-ਰਿਵਾਜ ਵੀ ਨਿਰਭਰ ਕਰਦੇ ਹਨ।

  1 note

  A Sikh soldier of Azad Hind Fauj in German Uniform during WWII

  A Sikh soldier of Azad Hind Fauj in German Uniform during WWII

  12 notes

  A Sikh soldiers of Azad Hind Fauj in German Uniform during WWII

  A Sikh soldiers of Azad Hind Fauj in German Uniform during WWII

  9 notes

  A Sikh soldier of Azad Hind Fauj in German Uniform during WWII

  A Sikh soldier of Azad Hind Fauj in German Uniform during WWII

  7 notes

  A young Punjabi couple.

  A young Punjabi couple.

  77 notes

  Amritsar (Punjab)

  Amritsar (Punjab)

  8 notes

  A Sikh soldier from the British India Army in Shanghai (China) in 1930s.

  A Sikh soldier from the British India Army in Shanghai (China) in 1930s.

  10 notes

  Fruit Seller on the streets of Lahore (Punjab-1910)

  Fruit Seller on the streets of Lahore (Punjab-1910)

  10 notes

  ਆ ਵਣਜਾਰਿਆ ਬਹਿ ਵਣਜਾਰਿਆ…

  ਵਣਜਾਰਾ ਸ਼ਬਦ ਭਾਵੇਂ ਵਣਜ ਤੋਂ ਬਣਿਆ ਹੈ ਜਿਵੇਂ ਸੌਦਾ ਤੋਂ ਸੌਦਾਗਰ ਪਰ ਪੰਜਾਬੀ ਲੋਕ-ਕਾਵਿ ਸਿਰਜਣ ਵਾਲਿਆਂ ਨੇ ਆਪਣੇ ਇਸ ‘ਮਹਾਂਕਾਵਿ’ ਵਿੱਚ ਵੰਗਾਂ ਦਾ ਵਣਜ ਕਰਨ ਵਾਲੇ ਭਾਵ ਵੰਗਾਂ ਵੇਚਣ ਵਾਲੇ ਨੂੰ ਵਣਜਾਰਾ ਕਿਹਾ ਹੈ। ਲੋਕ ਗੀਤਾਂ ਵਿੱਚ ਵਣਜਾਰੇ ਨਾਲ ਜੁੜੇ ਅਨੇਕਾਂ ਅਹਿਸਾਸਾਂ ਦਾ ਪ੍ਰਗਟਾਵਾ ਮਿਲਦਾ ਹੈ। ਪੰਜਾਬੀ ਲੋਕ-ਕਾਵਿ ਦੀ ਖ਼ੂਬੀ ਹੈ ਕਿ ਇਸ ਵਿੱਚ ਨਿੱਕੀ ਜਿਹੀ ਸੂਈ ਤੋਂ ਲੈ ਕੇ ਪਰਬਤ ਤਕ ਦਾ ਜ਼ਿਕਰ ਕੀਤਾ ਗਿਆ ਹੈ, ਇਸੇ ਲਈ ਇਸ ਅਥਾਹ-ਅਮੁੱਕ ਸੂਚੀ ਵਿੱਚ ਵਣਜਾਰਾ ਜਾਂ ਵੰਗਾਂ ਵੀ ਅੱਖੋਂ-ਪਰੋਖੇ ਨਹੀਂ ਕੀਤੀਆਂ ਗਈਆਂ। ਪਿਛਲੇ ਸਮਿਆਂ ਵਿੱਚ ਇਹ ਵਣਜਾਰਾ ਪੇਂਡੂ ਸਮਾਜ ਵਿੱਚ ਬਹੁਤ ਮਹੱਤਵ ਰੱਖਦਾ ਸੀ। ਚਾਵਾਂ ਤੇ ਸੱਧਰਾਂ ਨਾਲ ਭਰੇ ਮਨਾਂ ਵਾਲੀਆਂ ਮੁਟਿਆਰਾਂ ਲਈ ਇਹ ਵਿਸ਼ੇਸ਼ ਖਿੱਚ ਰੱਖਦਾ ਕਿਉਂਕਿ ਉਨ੍ਹਾਂ ਨੂੰ ਨਾ ਸ਼ਹਿਰ-ਬਾਜ਼ਾਰ ਵਿੱਚ ਜਾਣ ਦੀ ਬਹੁਤੀ ਖੁੱਲ੍ਹ ਹੁੰਦੀ ਸੀ ਤੇ ਨਾ ਬਹੁਤਾ ਹਾਰ-ਸ਼ਿੰਗਾਰ ਕਰਨ ਦੀ। ਆਪਣੀਆਂ ਰੀਝਾਂ ਦੀ ਪੂਰਤੀ ਕਰਨ ਲਈ ਵਣਜਾਰਾ ਉਨ੍ਹਾਂ ਵਾਸਤੇ ਅੱਛਾ-ਖਾਸਾ ਵਸੀਲਾ ਹੋ ਨਿੱਬੜਦਾ।

  ਵਣਜਾਰਾ ਆਮ ਦਿਨਾਂ ’ਚ ਤਾਂ ਘੱਟ-ਵੱਧ ਹੀ ਆਉਂਦਾ ਪਰ ਤੀਆਂ ਜਾਂ ਕਰੂਏ (ਕਰਵਾ ਚੌਥ) ਦੇ ਵਰਤਾਂ ਨੂੰ ਇਹ ਜ਼ਰੂਰ ਪਿੰਡ ਵਿੱਚ ਹੋਕਾ ਦਿੰਦਾ ਫਿਰਦਾ- ‘ਚੂੜੀਆਂ ਚੜ੍ਹਾ ਲਓ ਭਾਈ ਚੂੜੀਆਂ…’। ਇਹ ਹੋਕਾ ਸੁਣ ਕੇ ਕੁੜੀਆਂ-ਕੱਤਰੀਆਂ ਝੱਟ ਗਲੀ-ਵਿਹੜੇ ਵਿੱਚ ਆ ਜਾਂਦੀਆਂ। ਪਿੰਡਾਂ ਵਿੱਚ ਇਹ ਵਰਤਾਰਾ ਵੀ ਸੀ ਕਿ ਪਿੰਡ ਦੀਆਂ ਨੂੰਹਾਂ, ਤੀਆਂ ਦੇ ਗਿੱਧੇ ਵਿੱਚ ਜਾਂ ਪੀਂਘਾਂ ਝੂਟਣ ਨਹੀਂ ਸਨ ਜਾਂਦੀਆਂ। ਸ਼ਾਇਦ ਇਸੇ ਸੰਦਰਭ ਵਿੱਚ ਇਹ ਲੰਮੀ ਬੋਲੀ ਰਚੀ ਗਈ ਹੈ:

  ‘‘ਆ ਵਣਜਾਰਿਆ ਬਹਿ ਵਣਜਾਰਿਆ,
  ਕਿੱਥੇ ਕੁ ਤੇਰਾ ਘਰ ਵੇ
  ਪਿੰਡ ਦੀਆਂ ਕੁੜੀਆਂ ਵਿੱਚ ਗਿੱਧੇ ਦੇ,
  ਕਿਉਂ ਫਿਰਦੈਂ ਦਰ-ਦਰ ਵੇ
  ਚਾੜ੍ਹ ਬਲੌਰੀ ਵੰਗਾਂ ਮੇਰੇ, ਤੇਰੀ ਝੋਲੀ ਦੇਵਾਂ ਭਰ ਵੇ
  ਭੀੜੀ ਵੰਗ ਬਚਾ ਕੇ ਚਾੜ੍ਹੀਂ, ਮੈਂ ਜਾਊਂਗੀ ਮਰ ਵੇ
  ਮੇਰਾ ਉੱਡੇ ਡੋਰੀਆ, ਮਹਿਲਾਂ ਵਾਲੇ ਘਰ ਵੇ…’’

  ਵੱਡੇ ਪਿੰਡਾਂ ਵਿੱਚ ਕਈ-ਕਈ ਵਣਜਾਰੇ ਵੰਗਾਂ ਵੇਚਣ ਆਉਂਦੇ ਪਰ ਛੋਟੇ ਪਿੰਡਾਂ ਵਿੱਚ ਹਰ ਤੀਜ-ਤਿਉਹਾਰ ਮੌਕੇ ਇੱਕ-ਦੋ ਵਣਜਾਰੇ ਹੀ ਆਉਂਦੇ। ਇਨ੍ਹਾਂ ਵਣਜਾਰਿਆਂ ਦੀ ਪਿੰਡ ਦੀਆਂ ਕੁੜੀਆਂ-ਬੁੜ੍ਹੀਆਂ ਨਾਲ ਮਾਵਾਂ-ਭੈਣਾਂ ਵਾਲੀ ਸਾਂਝ ਬਣੀ ਹੁੰਦੀ। ਬਹੁਤਾ ਕਰਕੇ ਇਨ੍ਹਾਂ ਨੂੰ ‘ਚੂੜੀਆਂ ਵਾਲਾ ਭਾਈ’ ਹੀ ਕਿਹਾ ਜਾਂਦਾ। ਕਾਫ਼ੀ ਸਮਾਂ ਪਹਿਲਾਂ ਵਣਜਾਰੇ ਪੈਦਲ ਹੀ ਤੁਰੇ ਫਿਰਦੇ ਤੇ ਕਿਸੇ ਚਾਦਰ ਵਿੱਚ ਵੰਗਾਂ ਬੰਨ੍ਹ ਕੇ ਪਿੱਠ ’ਤੇ ਲਮਕਾਈ ਫਿਰਦੇ। ਮੈਂ ਵਣਜਾਰਿਆਂ ਦਾ ਚਾਦਰ ਦੀ ਗੱਠੜੀ ਵਾਲਾ ਜ਼ਮਾਨਾ ਤਾਂ ਸੁਪਨੇ ਮਾਤਰ ਹੀ ਦੇਖਿਆ ਹੈ ਪਰ ਸਾਈਕਲ ਵਾਲਾ ਵਣਜਾਰਾ ਮੈਨੂੰ ਕਦੇ ਨਹੀਂ ਭੁੱਲਦਾ। ਉਸ ਨੇ ਰੱਸੀਆਂ ਵਿੱਚ ਪਰੋ ਕੇ ਰੰਗ-ਬਰੰਗੀਆਂ ਵੰਗਾਂ, ਗੁੱਛੇ ਬਣਾ ਕੇ ਸਾਈਕਲ ਦੇ ਹੈਂਡਲ ਨਾਲ ਟੰਗੀਆਂ ਹੁੰਦੀਆਂ ਅਤੇ ਕੁਝ ਲੱਛੇ ਸਾਈਕਲ ਦੇ ਵਿਚਲੇ ਡੰਡੇ (ਫਰੇਮ) ਨਾਲ ਵੀ ਟੰਗੇ ਹੁੰਦੇ। ਇਨ੍ਹਾਂ ਵਿੱਚ ਲਾਲ, ਹਰੀਆਂ, ਪੀਲੀਆਂ, ਕਾਲੀਆਂ, ਬਲੌਰੀ, ਸ਼ਰਬਤੀ, ਵੱਟਾਂ ਵਾਲੀਆਂ ਤੇ ਲਹਿਰੀਏਦਾਰ ਆਦਿ ਕੱਚ ਦੀਆਂ ਵੰਗਾਂ ਹੁੰਦੀਆਂ। ਕਈ ਵੰਗਾਂ ਉੱਤੇ ਸੁਨਹਿਰੀ ਮੀਨਾਕਾਰੀ ਕੀਤੀ ਹੁੰਦੀ ਜੋ ਕੁੜੀਆਂ ਬੜੇ ਚਾਅ ਨਾਲ ਚੜ੍ਹਾਉਂਦੀਆਂ। ਭਾਵੇਂ ਬਾਅਦ ਵਿੱਚ ਪਲਾਸਟਿਕ ਵਰਗੀਆਂ ਫਲੈਕਸੀ ਦੀਆਂ ਚੂੜੀਆਂ ਵੀ ਆਉਣ ਲੱਗੀਆਂ ਪਰ ਕੱਚ ਦੀਆਂ ਚੂੜੀਆਂ ਦੀ ਦਿੱਖ ਬਹੁਤ ਸੋਹਣੀ ਹੁੰਦੀ। ਕੱਚ ਦੀਆਂ ਚੂੜੀਆਂ ਵਣਜਾਰਾ ਹੀ ਚੜ੍ਹਾਉਂਦਾ। ਇਸ ਵਿੱਚ ਵੀ ਮੁਹਾਰਤ ਦੀ ਲੋੜ ਹੁੰਦੀ। ਕਈ ਵਾਰ ਵੰਗਾਂ ਚੜ੍ਹਾਉਣ ਵਾਲੀ ਦੀ ਵੀਣੀ ਤਾਂ ਪਤਲੀ ਜਿਹੀ ਹੁੰਦੀ ਪਰ ਉਸ ਦੇ ਹੱਥ ਵਿੱਚ ਕੰਘੀ ਹੁੰਦੀ, ਭਾਵ ਹੱਥ ਦੀਆਂ ਹੱਡੀਆਂ ਲਚਕਦਾਰ ਨਾ ਹੁੰਦੀਆਂ। ਵਣਜਾਰਾ ਭੀੜੀ ਜਿਹੀ ਵੰਗ ਵੀ ਸਹਿਜ ਨਾਲ ਚੜ੍ਹਾ ਦਿੰਦਾ। ਵੰਗਾਂ ਚੜ੍ਹਾਉਣ ਵੇਲੇ ਵੰਗ ਦਾ ਟੁੱਟ ਜਾਣਾ ਸੁਹਾਗ ਲਈ ਮਾੜਾ ਸ਼ਗਨ ਸਮਝਿਆ ਜਾਂਦਾ ਤੇ ਕਲਾਈ ਵਿੱਚ ਤਿੜਕੀ ਹੋਈ ਵੰਗ ਪਾਉਣ ਨੂੰ ਭਰਾ ਲਈ ਅਸ਼ੁਭ ਸਮਝਿਆ ਜਾਂਦਾ। ਕੁੜੀਆਂ ਇਨ੍ਹਾਂ ਗੱਲਾਂ ਦੀ ਬੜੀ ਵਿਚਾਰ ਕਰਦੀਆਂ ਪਰ ਇਹ ਨਿਰੇ-ਪੁਰੇ ਵਹਿਮ ਹੀ ਹੁੰਦੇ। ਵਿਆਹੀਆਂ ਕੁੜੀਆਂ ਦੀ ਵੀਣੀ ਵਿੱਚ ਵਣਜਾਰਾ ਇੱਕ-ਇੱਕ ਵੰਗ ਵਾਧੂ ਪਾਉਂਦਾ ਤੇ ਉਸ ਦਾ ਕੋਈ ਪੈਸਾ-ਧੇਲਾ ਨਾ ਲੈਂਦਾ। ਇਹ ਉਸ ਵੱਲੋਂ ਸ਼ੁਭਕਾਮਨਾ ਜਾਂ ਅਸੀਸ ਦੀ ਪ੍ਰਤੀਕ ਹੁੰਦੀ। ਕਈ ਵਾਰ ਕੁਆਰੀਆਂ ਕੁੜੀਆਂ ਵੀ ਮੱਲੋ-ਮੱਲੀ ਇੱਕ-ਇੱਕ ਚੂੜੀ ਵੱਧ ਲੈ ਲੈਂਦੀਆਂ।

  ਉਹ ਸਾਂਝਾਂ ਵਾਲੇ ਸਮੇਂ ਸਨ। ਗਲੀ-ਮੁਹੱਲੇ ਵਿੱਚ ਜਿਸ ਦੇ ਦਰ ਜਾਂ ਡਿਉਢੀ ਵਿੱਚ ਚੂੜੀਆਂ ਵਾਲਾ ਬੈਠਾ ਹੁੰਦਾ, ਉੱਥੇ ਤਾਈ-ਚਾਚੀ ਜਾਂ ਦਾਦੀ ਅੰਮਾ ਨੇ ਸਾਰੀਆਂ ਕੁੜੀਆਂ ਦੇ ਚੂੜੀਆਂ ਚੜ੍ਹਵਾ ਦੇਣੀਆਂ। ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਵਾਲੀ ਭਾਵਨਾ ਮਨਾਂ ’ਤੇ ਭਾਰੂ ਹੁੰਦੀ। ਵਣਜਾਰੇ ਨੂੰ ਚਾਹ ਤੇ ਲੱਸੀ ਤੋਂ ਬਿਨਾਂ ਰੋਟੀ ਵੀ ਖੁਆਈ ਜਾਂਦੀ। ਚੂੜੀਆਂ ਚੜ੍ਹਾ ਕੇ ਕੁੜੀਆਂ ਦਾ ਚਾਅ ਨਾ ਚੁੱਕਿਆ ਜਾਂਦਾ ਕਿਉਂਕਿ ਪੇਂਡੂ ਭਾਈਚਾਰੇ ਵਿੱਚ ਕੁਆਰੀ ਤਾਂ ਕੀ ਬਲਕਿ ਵਿਆਹੀ-ਵਰੀ ਧੀ ਦਾ ਵੀ ਪੇਕੇ ਘਰ ਆ ਕੇ ਕੋਈ ਹਾਰ-ਸ਼ਿੰਗਾਰ ਕਰਨਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਬਸ, ਲੈ-ਦੇ ਕੇ ਇਹ ਚੂੜੀਆਂ ਜਾਂ ਮਾੜੀ-ਮੋਟੀ ਨਹੁੰ ਪਾਲਸ਼ (ਨੇਲ ਪਾਲਿਸ਼) ਹੀ ਕੁੜੀਆਂ ਲਾ-ਪਾ ਲੈਂਦੀਆਂ। ਅਜੋਕੇ ਸਮੇਂ ਨਾ ਪਿੰਡਾਂ ਵਿੱਚ ਵਣਜਾਰੇ ਦਿਸਦੇ ਹਨ ਤੇ ਨਾ ਕੋਈ ਕਹਿੰਦੀ ਹੈ:

  ‘‘ਆ ਗਿਆ ਵਣਜਾਰਾ ਨੀਂ ਚੜ੍ਹਾ ਲੈ ਭਾਬੀ ਚੂੜੀਆਂ’’

  ਵਰਤਮਾਨ ਸਮੇਂ ਤਾਂ ਅਨੇਕਾਂ ਤਰ੍ਹਾਂ ਦੀਆਂ ਵੰਗਾਂ ਬਾਜ਼ਾਰ ਵਿੱਚ ਮਿਲਦੀਆਂ ਹਨ। ਕੱਚ ਦੀਆਂ ਚੂੜੀਆਂ ਦਾ ਰੁਝਾਨ ਰੋਜ਼ਾਨਾ ਜ਼ਿੰਦਗੀ ਵਿੱਚੋਂ ਮਨਫ਼ੀ ਹੋ ਚੁੱਕਿਆ ਹੈ। ਅੱਜ ਦੀ ਔਰਤ ਵਹਿਮ-ਭਰਮ ਤੋਂ ਬਾਹਰ ਨਿਕਲ ਆਈ ਹੈ ਪਰ ਸ਼ਿੰਗਾਰ-ਰਸ ਅੱਜ ਵੀ ਕਾਇਮ ਹੈ। ਅੱਜ ਕੋਈ ਮੁਟਿਆਰ ਵਣਜਾਰੇ ਨੂੰ ਨਹੀਂ ਉਡੀਕਦੀ, ਨਾ ਹੀ ਦੁੱਧ ਰਿੜਕਦੀਆਂ ਉਸ ਦੀਆਂ ਗੁੰਦਵੀਆਂ ਕਲਾਈਆਂ ਵਿੱਚ ਵੰਗਾਂ ਦਾ ਛਣਕਾਟਾ ਪੈਂਦਾ ਹੈ ਤੇ ਨਾ ਹੀ ਕੱਚ ਦੀਆਂ ਵੰਗਾਂ ਦੇ ਛਣਕਾਟੇ ਦੇ ਨਾਲ ਖੀਵੀ ਹੋਈ ਉਹ ਗਾਉਂਦੀ ਫਿਰਦੀ ਹੈ:
  ‘‘ਲੌਢੇ ਵੇਲੇ ਮਾਹੀਏ ਆਉਣਾ ਮੰਨ ਪਕਾਵਾਂ ਕਣਕ ਦਾ
  ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ’’
  ਅੱਜ-ਕੱਲ੍ਹ ਬਾਜ਼ਾਰ ਵਿੱਚ ਬਹੁਤ ਕਿਸਮ ਦੀਆਂ ਚੂੜੀਆਂ ਮਿਲਦੀਆਂ ਹਨ ਜਿਨ੍ਹਾਂ ਨੇ ਕੱਚ ਦੀਆਂ ਵੰਗਾਂ ਤੇ ਵਣਜਾਰੇ ਪਿੰਡਾਂ ਵਿੱਚੋਂ ਲੋਪ ਹੀ ਕਰ ਦਿੱਤੇ ਹਨ। ਇਨ੍ਹਾਂ ਚੂੜੀਆਂ ਵਿੱਚ ਸਟੀਲ, ਰਬੜ, ਬਲੈਕ ਮੈਟਲ ਅਤੇ ਹੋਰ ਅਜਿਹੀਆਂ ਧਾਤਾਂ ਦੀਆਂ ਚੂੜੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਟੁੱਟਣ-ਫੁੱਟਣ ਦਾ ਕੋਈ ਡਰ ਨਹੀਂ ਹੁੰਦਾ। ਇਨ੍ਹਾਂ ਚੂੜੀਆਂ ਨੂੰ ਕਿਸੇ ਵਣਜਾਰੇ ਤੋਂ ਚੜ੍ਹਵਾਉਣ ਦੀ ਵੀ ਲੋੜ ਨਹੀਂ ਹੁੰਦੀ, ਕੁੜੀਆਂ ਜਾਂ ਔਰਤਾਂ ਆਪ  ਹੀ ਆਪਣੀ ਵੀਣੀ ਵਿੱਚ ਪਾ ਲੈਂਦੀਆਂ ਹਨ। ਤਰ੍ਹਾਂ-ਤਰ੍ਹਾਂ ਦੇ ਕੜੇ ਤੇ ਵੰਗਾਂ ਜਿਨ੍ਹਾਂ ਵਿੱਚ ਮੋਤੀ ਜਾ ਨਗ ਜੜੇ ਹੁੰਦੇ ਹਨ, ਅੱਜ ਆਮ ਮਿਲਦੇ ਹਨ। ਹਾਥੀ ਦੰਦ ਤੇ ਲਾਖ ਦੀਆਂ ਚੂੜੀਆਂ ਕੱਚ ਦੀਆਂ ਚੂੜੀਆਂ ਨਾਲੋਂ ਕੀਮਤੀ ਹੁੰਦੀਆਂ ਜੋ ਵਿਆਹ-ਸ਼ਾਦੀ ਮੌਕੇ ਹੀ ਖ਼ਰੀਦੀਆਂ ਜਾਂਦੀਆਂ ਹਨ। ਅੱਜ ਕੇਵਲ ਕੱਚ ਦੀਆਂ ਦੋ-ਚਾਰ ਰੰਗਾਂ ਵਾਲੀਆਂ ਹੀ ਨਹੀਂ ਬਲਕਿ ਹਰ ਸੂਟ-ਸਾੜੀ ਨਾਲ ਮਿਲਦੇ-ਜੁਲਦੇ ਰੰਗ ਦੀਆਂ ਚੂੜੀਆਂ ਪਹਿਨਣ ਦਾ ਰਿਵਾਜ ਹੈ। ਪਿਛਲੇ ਸਮੇਂ ਦੀਆਂ ਕੁੜੀਆਂ-ਕੱਤਰੀਆਂ ਵਾਲੀ ਰੀਝ ਨਹੀਂ ਬਲਕਿ ਦਿਖਾਵੇ ਦੀ ਭਾਵਨਾ ਨਾਲ ਚਮਕ-ਦਮਕ ਵਾਲੀਆਂ ਵੰਗਾਂ ਪਹਿਨਣ ਦਾ ਰੁਝਾਨ ਹੈ। ਪਿਛਲੇ ਸਮੇਂ ਦੇ ਵਣਜਾਰੇ ਜਿੰਨੀਆਂ ਵੰਗਾਂ ਤਾਂ ਅੱਜ ਦੀ ਸ਼ੌਕੀਨ ਨਾਰੀ ਦੇ ਘਰ ਵਿੱਚ ਹੀ ਮੌਜੂਦ ਹੁੰਦੀਆਂ ਹਨ। ਇੱਕ ਸਮਾਂ ਅਜਿਹਾ ਵੀ ਸੀ ਕਿ ਪੰਜ-ਸੱਤ ਰੁਪਏ ਦੀਆਂ ਵੰਗਾਂ ਵੱਡਾ ਪੁਆੜਾ ਪਾ ਦਿੰਦੀਆਂ ਜਿਸ ਦਾ ਵਰਣਨ ਲੋਕ ਗੀਤ ਵਿੱਚ ਹੈ:
  ਗਲੀ ਗਲੀ ਵਣਜਾਰਾ ਫਿਰਦਾ, ਹਾਕ ਮਾਰ ਲਿਆ ਨੀਂ ਬੁਲਾ
  ਭਲਾ ਜੀ ਮੈਨੂੰ ਤੇਰੀ ਸਹੁੰ, ਹਾਕ ਮਾਰ ਲਿਆ ਨੀਂ ਬੁਲਾ
  ਸੱਸ ਨੂੰ ਨਾ ਪੁੱਛਿਆ, ਨਣਦ ਨੂੰ ਨਾ ਪੁੱਛਿਆ,
  ਵੰਗਾਂ ਤਾਂ ਲਈਆਂ ਮੈਂ ਚੜ੍ਹਾ
  ਬਾਹਰੋਂ ਤਾਂ ਆਇਆ ਹੱਸਦਾ ਖੇਡਦਾ,
  ਭਾਬੀਆਂ ਨੇ ਦਿੱਤਾ ਸਿਖਾ
  ਚੁੱਕ ਕੇ ਪਰੈਣੀ ਉਹਨੇ ਵੰਗਾਂ ਉੱਤੇ ਮਾਰੀ,
  ਵੰਗਾਂ ਤਾਂ ਕੀਤੀਆਂ ਫ਼ਨਾਹ
  ਚੁਗ-ਚੁਗ ਟੋਟੇ ਮੈਂ ਝੋਲੀ ਵਿੱਚ ਪਾਏ,
  ਪੇਕਿਆਂ ਦਾ ਪੁੱਛਦੀ ਆਂ ਰਾਹ
  ਚੁੱਕ ਕੇ ਥਾਲ਼ੀ ਭਾਬੀ ਕੋਲ ਜਾਂਦਾ ਕਹਿੰਦਾ,
  ਰੋਟੀਆਂ ਤਾਂ ਦੇਵੀਂ ਨੀਂ ਪਕਾ
  ਭਾਬੋ ਦੀਆਂ ਪੱਕੀਆਂ ਬਥੇਰਾ ਚਿਰ ਖਾਧੀਆਂ,
  ਵਹੁਟੀ ਦੀਆਂ ਪੱਕੀਆਂ ਖਾਹ
  ਪੀੜ ਕੇ ਘੋੜਾ ਵਹੁਟੀ ਕੋਲ ਜਾਂਦਾ ਚੱਲ,
  ਪੰਜਾਂ ਦੀਆਂ ਚੂੜੀਆਂ ਚੜ੍ਹਾ
  ਪੰਜ ਨਹੀਂ ਲੈਣੇ ਪੰਜਾਹ ਵੀ ਨਹੀਂ ਲੈਣੇ,
  ਜਾਹ ਭਾਬੋ ਦੀਆਂ ਪੱਕੀਆਂ ਖਾਹ…’’
  ਚੂੜੀਆਂ, ਕੰਙਣੀਆਂ, ਪੇਚਾਂ ਵਾਲੇ ਗਜਰੇ, ਬਾਜ਼ੂਬੰਦ ਆਦਿ ਤੋਂ ਬਿਨਾਂ ਇੱਕ ਗਹਿਣੇ ਦਾ ਨਾਂ ਬਾਹੀ ਹੁੰਦਾ ਜੋ ਦੋ ਇੰਚ ਦੇ ਕਰੀਬ ਚੌੜਾ ਹੁੰਦਾ ਹੈ ਅਤੇ ਇਸ ਨਾਲ ਸੁੱਚੇ ਮੋਤੀਆਂ ਦੀਆਂ ਲੜੀਆਂ ਲਟਕਦੀਆਂ ਹੁੰਦੀਆਂ। ਇਸ ਨੂੰ ਵੀ ਘੜੀ ਚੂੜੀ ਵਾਂਗ ਪੇਚ ਲੱਗੇ ਹੁੰਦੇ ਤਾਂ ਜੋ ਆਸਾਨੀ ਨਾਲ ਬਾਂਹ ਵਿੱਚ ਪਾਇਆ ਜਾ ਸਕੇ। ਮੋਟੀ ਗੁਲਾਈਦਾਰ ਚੂੜੀ ਨੂੰ ਕੰਙਣ ਕਿਹਾ ਜਾਂਦਾ, ਇਹ ਬੰਦ ਵੀ ਹੁੰਦੀ ਤੇ ਖੁੱਲ੍ਹੀ ਵੀ। ਇਸ ਦੇ ਸਿਰਿਆਂ ’ਤੇ ਸ਼ੇਰ ਦੇ ਮੂੰਹ ਬਣੇ ਹੁੰਦੇ ਹਨ। ਇਹ ਸਰਦਾਰੀ ਗਹਿਣਾ ਸਮਝਿਆ ਜਾਂਦਾ ਹੈ। ਸੋਨੇ ਦੇ ਬੰਦ ਵੀ ਬਾਹਾਂ ਵਿੱਚ ਪਾਏ ਜਾਂਦੇ, ਇਹ ਵੀ ਸਾਦੇ ਤੇ ਜੜਾਊ ਹੁੰਦੇ। ਅਸਲ ਵਿੱਚ ਪੁਰਾਣੇ ਸਮੇਂ ਅਤੇ ਅੱਜ ਵੀ ਭਾਰੇ ਤੇ ਕੀਮਤੀ ਗਹਿਣੇ ਉੱਚ ਵਰਗ ਦੀਆਂ ਔਰਤਾਂ ਨੂੰ ਹੀ ਨਸੀਬ ਹੁੰਦੇ ਹਨ। ਗਜਰੇ ਵਰਗਾ ਇੱਕ ਗਹਿਣਾ ਪਰੀਬੰਦ ਹੁੰਦਾ ਤੇ ਇਸ ਨੂੰ ਸੋਨੇ ਦੇ ਘੁੰਗਰੂਆਂ ਦੇ ਪੰਜ ਜਾਂ ਸੱਤ ਗੁੱਛੇ ਲੱਗੇ ਹੁੰਦੇ। ਆਮ ਘਰਾਂ ਦੀਆਂ ਔਰਤਾਂ ਨੂੰ ਤਾਂ ਬਲੌਰੀ, ਕੱਚ ਦੇ ਗਜਰੇ ਹੀ ਜੁੜਦੇ।
  ਅੱਜ ਦੇ ਉੱਚ ਘਰਾਣਿਆਂ ਦੀਆਂ ਨੂੰਹਾਂ-ਧੀਆਂ ਪੁਰਾਣੇ ਸਮੇਂ ਦੇ ਗਹਿਣੇ ਨਹੀਂ ਬਲਕਿ ਡਾਇਮੰਡ ਜੜੇ, ਵਾਈਟ  ਗੋਲਡ ਦੇ, ਰੇਡੀਅਮ ਵਾਲੇ ਜਾਂ ਹੋਰ ਨਗ ਤੇ ਮੋਤੀਆਂ ਜੜੇ ਕੜੇ-ਚੂੜੀਆਂ ਪਹਿਨਦੀਆਂ ਹਨ। ਪਿਛਲੇ ਸਮੇਂ ਕੁੜੀ ਦੇ ਵਿਆਹ ਮੌਕੇ ਨਾਨਕੇ ਉਸ ਲਈ ਪੱਕੇ ਮੇਚੇ ਦੀਆਂ ਕੱਚ ਦੀਆਂ ਲਾਲ-ਹਰੀਆਂ ਚੂੜੀਆਂ ਲੈ ਕੇ ਆਉਂਦੇ ਪਰ ਅੱਜ ਕੁੜੀ ਮਨਮਰਜ਼ੀ ਦਾ ਚੂੜਾ ਖ਼ਰੀਦ ਲੈਂਦੀ ਹੈ ਅਤੇ ਨਾਨਕੇ ਵਿੱਤ ਮੁਤਾਬਕ ਉਸ ਦੇ ਪੈਸੇ ਦੇ ਦਿੰਦੇ ਹਨ। ਨਾਨਕੇ ਆਪ ਵੀ ਚੂੜਾ ਲੈ ਆਉਂਦੇ ਹਨ, ਚੂੜਾ ਕੇਵਲ ਲਾਲ ਰੰਗ ਦਾ ਹਾਥੀ ਦੰਦ ਦਾ ਹੀ ਨਹੀਂ ਬਣਿਆ ਹੁੰਦਾ ਬਲਕਿ ਵਿਆਂਹਦੜ ਕੁੜੀ ਦੇ ਸੂਟ ਜਾਂ ਲਹਿੰਗੇ ਦੇ ਰੰਗ ਨਾਲ ਮਿਲਦੇ ਰੰਗ ਦਾ ਹੁੰਦਾ ਹੈ। ਚੂੜੇ ਵਿੱਚ  ਵੀ ਤਰ੍ਹਾਂ-ਤਰ੍ਹਾਂ ਦੇ ਨਗ-ਮੋਤੀ ਆਦਿ ਜੜੇ ਹੁੰਦੇ ਹਨ। ਪਟਿਆਲਾ ਤੇ ਅੰਮ੍ਰਿਤਸਰ ਦਾ ਚੂੜਾ ਬਾਜ਼ਾਰ ਮੱਲੋ-ਮੱਲੀ ਦੇਖਣ ਵਾਲਿਆਂ ਦਾ ਮਨ ਮੋਹ ਲੈਂਦੇ ਹਨ। ਸਹੁਰੇ ਗਈ ਕੋਈ ਨਵੀਂ ਵਿਆਹੀ ਧੀ, ਮਾਪਿਆਂ ਨੂੰ ਦਿਲਬਰੀ ਦਿੰਦੀ ਹੈ:
  ‘‘ਸੋਹਣਾ-ਸੋਹਣਾ ਚੂੜਾ ਉੱਤੇ ਬੰਦਾਂ ਦੀ ਜ਼ੰਜੀਰ
  ਆਖਿਓ ਮੇਰੇ ਮਾਪਿਆਂ ਨੂੰ ਨਾ ਹੋਇਓ ਦਿਲਗੀਰ’’
  ਮਜਬੂਰੀਆਂ ਤੇ ਥੁੜਾਂ ਦੇ ਮੂੰਹ ਆਈ ਕੋਈ ਮੁਟਿਆਰ ਆਪਣੀ ਵੇਦਨਾ ਕਹਿੰਦੀ ਹੈ:
  ‘‘ਬੀਬਾ ਇੱਕ ਨਾ ਵੇਚੀਂ ਵੇ ਤੂੰ ਹੱਥਾਂ ਦੇ ਗਜਰੇ
  ਚੜ੍ਹਦੀ ਜੁਆਨੀ ਨੂੰ ਪਾ ਗਿਆ ਝਗੜੇ’’
  ਪਰਦੇਸ ਜਾਂਦੇ ਗੱਭਰੂ ਦੀ ਨਾਰ ਉਸ ਨੂੰ ਵਾਸਤੇ ਪਾਉਂਦੀ ਹੈ:
  ‘‘ਮੈਂ ਕੱਤਾਂਗੀ ਨਿੱਕੜਾ ਬੀਬਾ ਵੇ ਤੂੰ ਬੈਠ ਹੰਢਾਈਂ
  ਵੇ ਲਾਲ, ਦਮਾਂ ਦਿਆ ਲੋਭੀਆ ਪਰਦੇਸ ਨਾ ਜਾਈਂ…’’
  ਅੱਗੋਂ ਗੱਭਰੂ ਕਹਿੰਦਾ ਹੈ:
  ‘‘ਮਰਦਾਂ ਦੀ ਖੱਟੀ ਚੂੜੇ ਛਣਕਣ ਬਾਹੀਂ
  ਤੂੰ ਬਹਿ ਪੀੜ੍ਹੇ ਗੋਰੀਏ, ਮੇਰੀਆਂ ਦੂਰ ਬਲਾਈਂ’’
  ਲੋਕ-ਕਾਵਿ ਇਤਿਹਾਸ ਵਾਂਗ ਹਰ ਕਾਲ ਦੇ ਵਰਤਾਰੇ ਨੂੰ ਬਿਆਨ ਕਰਦਾ ਹੈ। ਅਤੀਤ ਹੈ ਜਾਂ ਵਰਤਮਾਨ, ਕਾਲਾ-ਬਾਜ਼ਾਰੀ ਤੇ ਠੱਗੀ-ਠੋਰੀ ਆਪਣਾ ਰੰਗ ਦਿਖਾਉਂਦੀ ਹੀ ਹੈ:
  ‘‘ਸਿਖਰ ਦੁਪਹਿਰੇ ਸਿੰਘ ਜੀ ਕੜਾ ਨਾ ਪਾਇਓ
  ਰਾਹ ਵਿੱਚ ਬੈਠੇ ਜੀ ਠੱਗ ਵਣਜਾਰੇ
  ਸਿਖਰ ਦੁਪਹਿਰੇ ਸਿੰਘ ਜੀ ਬੰਨਾ ਨਾ ਟੱਪਿਓ
  ਰਾਹ ਵਿੱਚ ਬੈਠੇ ਜੀ ਠੱਗ ਵਣਜਾਰੇ’’
  ਜਿੱਥੇ ਵੰਗਾਂ-ਵਣਜਾਰਿਆਂ ਦਾ ਜ਼ਿਕਰ ਖ਼ੁਸ਼ੀਆਂ, ਖੇੜਿਆਂ ਦਾ ਮਾਹੌਲ ਸਿਰਜਦਾ ਹੈ, ਉੱਥੇ ਕਦੇ ਇਹ ਵੰਗਾਂ ਘੋਰ ਉਦਾਸੀ ਵੀ ਪੈਦਾ ਕਰ ਦਿੰਦੀਆਂ ਹਨ। ਜਦੋਂ ਕਿਸੇ ਅਭਾਗੀ ਮੁਟਿਆਰ ਦਾ ਸੁਹਾਗ ਉੱਜੜ ਜਾਂਦਾ ਹੈ, ਕਈ ਧਰਮਾਂ ਵਿੱਚ ਉਸ ਦੀਆਂ ਵੰਗਾਂ ਤੋੜੀਆਂ ਜਾਂਦੀਆਂ ਹਨ। ਇੱਕ ਰਸਮ ਇਹ ਵੀ ਹੈ ਕਿ ਜਾਣ ਵਾਲੇ ਦੀ ਅੰਤਿਮ ਅਰਦਾਸ ਤੋਂ ਬਾਅਦ ਪੇਕਿਆਂ ਵੱਲੋਂ ਆਪਣੀ ਧੀ ਨੂੰ ਕੱਚ ਦੀਆਂ ਚੂੜੀਆਂ ਪਹਿਨਾਈਆਂ ਜਾਂਦੀਆਂ ਹਨ। ਔਰਤ ਦੀ ਜ਼ਿੰਦਗੀ ਵਿੱਚ ਚੂੜੀਆਂ ਦਾ ਬੜਾ ਮਹੱਤਵ ਹੈ, ਭਾਵੇਂ ਖ਼ੁਸ਼ੀ ਹੋਵੇ ਭਾਵੇਂ ਗ਼ਮੀ। ਨਵਜੰਮੇ ਬੱਚੇ ਦੀ ਕਲਾਈ ਵਿੱਚ ਨਿੱਕੀ ਜਿਹੀ ਕਾਲੀ ਚੂੜੀ ਪਾਈ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਬੱਚੇ ਨੂੰ ‘ਨਜ਼ਰ’ ਤੋਂ ਬਚਾ ਕੇ ਰੱਖਦੀ ਹੈ ਪਰ ਇਹ ਵੀ ਪੇਂਡੂ ਜਾਂ ਸਾਡੀਆਂ ਮਾਵਾਂ-ਦਾਦੀਆਂ ਦੇ ਆਪੇ ਘੜੇ ਟੋਟਕੇ ਹਨ ਜੋ ਅਰਥਹੀਣ ਹਨ।
  ਵਣਜਾਰਾ ਪੇਂਡੂ ਸੁਆਣੀਆਂ ਲਈ ਚੱਲਦਾ ਫਿਰਦਾ ਬਾਜ਼ਾਰ ਹੁੰਦਾ। ਉਸ ਨੇ ਸਾਈਕਲ ਦੇ ਕੈਰੀਅਰ ’ਤੇ ਇੱਕ ਲੋਹੇ ਦਾ ਟਰੰਕ ਰੱਖ ਕੇ ਸਾਈਕਲ ਦੀ ਕਿਸੇ ਪੁਰਾਣੀ ਟਿਊਬ ਨਾਲ ਬੰਨ੍ਹਿਆ ਹੁੰਦਾ। ਉਸ ਵਿੱਚ ਹਾਰ-ਸ਼ਿੰਗਾਰ ਦਾ ਨਿੱਕਾ-ਮੋਟਾ ਸਾਮਾਨ ਹੁੰਦਾ। ਨਹੁੰ-ਪਾਲਿਸ਼ ਦੀਆਂ ਸ਼ੀਸ਼ੀਆਂ, ਕੁੜੀਆਂ ਹੱਥੋ-ਹੱਥੀ ਚੁੱਕ ਲੈਂਦੀਆਂ। ਇਸ ਤੋਂ ਇਲਾਵਾ ਬਿੰਦੀ-ਸੁਰਖੀ, ਲੋਅ (ਕਾਜਲ) ਦੀਆਂ ਡੱਬੀਆਂ, ਛੋਟੀਆਂ-ਛੋਟੀਆਂ ਸੁਰਮੇਦਾਨੀਆਂ ਵਿੱਚ ਪੀਸਿਆ ਸੁਰਮਾ ਅਤੇ ਡਲੀਆਂ ਵਾਲਾ ਸੁਰਮਾ ਵੀ ਹੁੰਦਾ। ਵਣਜਾਰੇ ਕੋਲ ਪਿੱਤਲ ਦੀਆਂ ਅੰਗੂਠੀਆਂ, ਕਾਂਟੇ ਤੇ ਕਲਿੱਪ ਆਦਿ ਵੀ ਹੁੰਦੇ। ਵਾਲਾਂ ’ਚ ਲਾਉਣ ਵਾਲੀਆਂ ਕਾਲੀਆਂ ਸੂਈਆਂ ਦੇ ਪੱਤਿਆਂ ਤੋਂ ਬਿਨਾਂ ਦੰਦਾਸਾ (ਸੱਕ) ਵੀ ਹੁੰਦਾ। ਧੀਆਂ-ਭੈਣਾਂ ਮਾਪਿਆਂ ਦੀ ਸ਼ਰਮ ਮੰਨਦਿਆਂ ਦਮੜੀ ਦਾ ਸੱਕ ਖ਼ਰੀਦਣੋਂ ਝਿਜਕਦੀਆਂ। ਮੁਟਿਆਰਾਂ ਦੀਆਂ ਰੀਝਾਂ ਪੂਰਨ ਵਾਲਾ ਤਕਰੀਬਨ ਸਾਰਾ ਕੁਝ ਵਣਜਾਰੇ ਕੋਲ ਹੁੰਦਾ ਤੇ ਇਹ ਗੱਲ ਵੀ ਅਰਥ ਰੱਖਦੀ ਹੈ ਕਿ ਰੀਝਾਂ ਹੁੰਦੀਆਂ ਹੀ ਥੋੜ੍ਹੀਆਂ ਜਿਹੀਆਂ ਸਨ। ਕਿਸੇ ਵਣਜਾਰੇ ਦੇ ਲੱਕੜ ਦੇ ਟਰੰਕ ਦੇ ਢੱਕਣ ਵਿੱਚ ਸ਼ੀਸ਼ਾ ਜੜਿਆ ਹੁੰਦਾ। ਇਹ ਟਰੰਕ, ਅੱਲ੍ਹੜ ਮੁਟਿਆਰਾਂ ਤੇ ਨਵੀਆਂ ਵਿਆਹੀਆਂ ਲਈ ਖ਼ੁਸ਼ੀਆਂ ਦਾ ਖ਼ਜ਼ਾਨਾ ਹੁੰਦੇ। ਇਹ ਵੰਗਾਂ ਤੇ ਗਜਰੇ, ਕੰਙਣ-ਕੰਙਣੀਆਂ ਲੋਕ-ਕਾਵਿ ਦਾ ਵੀ ਸ਼ਿੰਗਾਰ ਹਨ। ਟੱਪੇ ਵਿੱਚ ਕੰਙਣ ਨਾਲ ਗੱਲ ਕਰਦੀ ਕੋਈ ਨੱਢੀ ਦਿਲ ਦੀ ਦਿਲਗੀਰੀ ਬਿਆਨ ਕਰਦੀ ਕਹਿੰਦੀ ਹੈ:
  ‘‘ਸੋਨੇ ਦਿਆ ਵੇ ਕੰਗਣਾ,
  ਸੱਜਣਾਂ ਨੇ ਬੂਹਾ ਢੋ ਲਿਆ,
  ਹੁਣ ਗਲੀ ਵਿੱਚੋਂ ਕੀ ਲੰਘਣਾ’’

  8 notes

  Mounted Nihang Singh’s-Hola Mohalla (Anandpur Sahib,Punjab)

  Mounted Nihang Singh’s-Hola Mohalla (Anandpur Sahib,Punjab)

  23 notes

  A Nihang Singh making the famous drink-Hola Mohalla (Anandpur Sahib,Punjab)

  A Nihang Singh making the famous drink-Hola Mohalla (Anandpur Sahib,Punjab)

  18 notes

  Onwards to Anandpur Sahib (Punjab) for Hola Mohalla.

  Onwards to Anandpur Sahib (Punjab) for Hola Mohalla.

  22 notes

  Onwards to Anandpur Sahib (Punjab) for Hola Mohalla.

  Onwards to Anandpur Sahib (Punjab) for Hola Mohalla.

  9 notes