• Contact Us
 • Punjab, the land of five rivers, India's bread basket, cradle of the Green revolution, land of Saint Soldiers. ਪੰਜਾਬ ਰੰਗਲਾ ਦੇਸ ਹੈ। ਇਥੇ ਕੁਦਰਤ ਆਪਣੇ ਪੂਰੇ ਨਿਖਾਰ ਵਿਚ ਬਹੁਰੰਗੀ ਤਸਵੀਰ ਪੇਸ਼ ਕਰਦੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔਡ਼, ਹੁੱਸਡ਼ ਤੇ ਤੀਖਣ ਬੁੱਲੇ, ਸਰੀਰਕ ਸ੍ਰਮ ਤੇ ਕੋਮਲ ਹੁਨਰ, ਮਾਲਾ ਤੇ ਚੰਡੀ, ਰੁੱਖਡ਼ਪਣ ਤੇ ਸਾਹਿਤਕ ਸਰਸਤਾ ਆਦਿ ਬੇਜੋਡ਼ ਜੋਡ਼ੇ ਅੰਕ ਸਹੇਲੀਆਂ ਵਾਂਙ ਇਥੇ ਗਲਵੱਕਡ਼ੀਆਂ ਪਾਈ ਨਜ਼ਰੀਂ ਪੈਂਦੇ ਹਨ। Eh Mera Punjab | Promote your Page too
  free counters

  Malwai Gidha

  21 notes

  Bathinda Fort

  Bathinda Fort

  7 notes

  ਬਾਬਿਆਂ ਦਾ ਮਲਵਈ ਗਿੱਧਾ

  ਪੰਜਾਬ ਦਾ ਸੱਭਿਆਚਾਰ ਅਤੇ ਪੁਰਾਤਨ ਵਿਰਸਾ ਆਪਣੇ-ਆਪ ਵਿੱਚ ਵਿਲੱਖਣ ਪਛਾਣ ਰੱਖਦਾ ਹੈ। ਇਸ ਵਿਰਸੇ ਨੂੰ ਸਾਂਭਣ ਦਾ ਮਾਲਵਾ ਸੱਭਿਆਚਾਰਕ ਕਲਾ ਮੰਚ ਮਾਨੂੰਪੁਰ ਵੱਲੋਂ ਬਹੁਤ ਹੀ ਸਾਰਥਕ ਯਤਨ ਕੀਤਾ ਗਿਆ ਹੈ। ਇਸ ਕਲਾ ਮੰਚ ਦਾ ਗਠਨ ਕਲਾ ਮੰਚ ਦੇ ਮੌਜੂਦਾ ਪ੍ਰਧਾਨ ਸ੍ਰੀ ਜਗਜੀਤ ਸਿੰਘ ਸੇਖੋਂ ਮਾਨੂੰਪੁਰ ਵੱਲੋਂ ਸੰਨ 1989 ਵਿੱਚ ਕੀਤਾ ਗਿਆ ਸੀ। ਸੰਨ 1992 ਵਿੱਚ ਇਸ ਕਲਾ ਮੰਚ ਨੇ ਪਲੇਠੀ ਪੇਸ਼ਕਾਰੀ ਜਲੰਧਰ ਦੂਰਦਰਸ਼ਨ ‘ਤੇ ਕੀਤੀ। ਉਸ ਸਮੇਂ ਤੋਂ ਹੁਣ ਤਕ ਇਹ ਕਲਾ ਮੰਚ ਮਲਵਈ ਸੱਭਿਆਚਾਰ ਦੀ ਸੇਵਾ ਕਰਦਾ ਆ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਇਸ ਕਲਾ ਮੰਚ ਨੇ 200 ਤੋਂ ਵੱਧ ਸਜੀਵ ਪੇਸ਼ਕਾਰੀਆਂ ਪੰਜਾਬ ਅੰਦਰ ਕੀਤੀਆਂ ਹਨ।

  ਮਾਲਵਾ ਸੱਭਿਆਚਾਰਕ ਕਲਾ ਮੰਚ ਮਾਨੂੰਪੁਰ ਦੇ ਮਲਵਈ ਗਿੱਧੇ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਕਲਾਕਾਰਾਂ ਦੀਆਂ ਬੋਲੀਆਂ ਦੇ ਨਾਲ ਨਾਚ ਮੁਦਰਾਵਾਂ ਦੇਖਣ ਵਾਲਿਆਂ ਦੇ ਦਿਲਾਂ ਨੂੰ ਧੂਹ ਪਾਉਣ ਵਾਲੀਆਂ ਹੁੰਦੀਆਂ ਹਨ। ਨਿਰਸੰਦੇਹ ਮਾਨੂੰਪੁਰ ਦੇ ਨੌਜਵਾਨ ਬਾਬਿਆਂ ਦਾ ਗਿੱਧਾ ਵਿਰਸੇ ਦੀ ਵਿਚਾਰਨ ਯੋਗ ਸੇਵਾ ਕਰ ਰਿਹਾ ਹੈ। ਇਸ ਮਲਵਈ ਗਿੱਧੇ ਦੀ ਟੀਮ ਦੇ ਮੈਂਬਰ ਹਨ – ਮੁਖਤਿਆਰ ਸਿੰਘ ਸੈਪਲਾ, ਗੁਰਮੁੱਖ ਸਿੰਘ ਸੈਪਲਾ, ਮੇਹਰ ਸਿੰਘ ਸੈਪਲਾ, ਕੇਸਰ ਸਿੰਘ ਸੇਖੋਂ, ਬਲਦੇਵ ਸਿੰਘ ਭੁੱਲਰ, ਗੁਰਮੇਲ ਸਿੰਘ ਔਜਲਾ, ਸੁਖਜਿੰਦਰ ਸਿੰਘ ਸੈਪਲਾ, ਮੋਹਨ ਸਿੰਘ ਮਾਨ ਸਲੌਦੀ, ਜੰਗ ਸਿੰਘ (ਮਹੇਸ਼ਪੁਰਾ), ਹੈਪੀ, ਬਿੱਟੂ (ਨਵਾਂ ਪਿੰਡ), ਸੁਰਿੰਦਰ ਸੇਖੋਂ, ਰਾਜੂ ਸੇਖੋਂ।

  ਬਾਬਿਆਂ ਵੱਲੋਂ ਸਟੇਜ ‘ਤੇ ਮਲਵਈ ਗਿੱਧੇ ਦੀ ਪੇਸ਼ਕਾਰੀ ਕਰਦੇ ਸਮੇਂ ਕੁਝ ਰਵਾਇਤੀ ਸਾਜ਼ਾਂ ਦਾ ਸਹਾਰਾ ਲਿਆ ਜਾਂਦਾ ਹੈ, ਜਿਵੇਂ ਬੁਗਚੂ, ਢੋਲਕੀ, ਸਰੰਗੀ, ਅਲਗੋਜਾ, ਚਿਮਟਾ, ਕਾਟੋ, ਛਿੱਕਾ ਜਾਂ ਸੱਪ ਗੜਬਾ, ਪੌਲਾ, ਛੈਣਾ, ਦੁਸਾਗੜ ਅਤੇ ਖੂੰਡਾ ਆਦਿ। ਮਲਵਈ ਗਿੱਧਾ, ਮਲਵਈ ਕਵੀਸ਼ਰੀ, ਵਿਆਹ ਦੀਆਂ ਮਲਵਈ ਰਹੁ-ਰੀਤਾਂ, ਮਲਵਈ ਸੱਭਿਆਚਾਰ ਦੀ ਵਿਰਾਸਤ ਹਨ। ਇਨ੍ਹਾਂ ਨੂੰ ਸੰਭਾਲਿਆ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਵਿਰਸੇ ਦੀ ਅਮੀਰੀ ਸਦਾ ਕਾਇਮ ਰਹੇ ਅਤੇ ਆਉਣ ਵਾਲੀਆ ਨਸਲਾਂ ਸਾਡੇ ਪੁਰਖਿਆਂ ਦੇ ਮਾਣ-ਮੱਤੇ ਇਤਿਹਾਸ ਤੋਂ ਜਾਣੂ ਹੋ ਸਕਣ।

  5 notes

  ਘਰਾਂ ’ਚੋਂ ਲੋਪ ਹੋ ਰਿਹਾ ‘ਹਾਰਾ’

  ਪਿੰਡਾਂ ਵਿੱਚ ਮਿੱਟੀ ਨਾਲ ਕੀਤਾ ਜਾਂਦਾ ਕਲਾਤਮਕ ਕੰਮ ਲੋਕ ਕਲਾ ਦੇ ਘੇਰੇ ਵਿੱਚ ਆਉਂਦਾ ਹੈ। ਲੋਕ ਕਲਾ ਨੂੰ ਸਿੱਧੇ-ਸਾਦੇ ਲੋਕਾਂ ਦੀ ਕਲਾ ਆਖਿਆ ਜਾਂਦਾ ਹੈ। ਇਹ ਕਿਸਾਨ ਜਾਂ ਪੇਂਡੂ ਕਲਾ ਦਾ ਹੀ ਨਾਂ ਹੈ ਜਾਂ ਉਨ੍ਹਾਂ ਲੋਕਾਂ ਦੀ ਕਲਾ, ਜਿਨ੍ਹਾਂ ਨੂੰ ਕਿਸੇ ਵਿਸ਼ੇਸ਼ ਸੰਸਥਾ ਅਧੀਨ ਸਿਖਲਾਈ ਨਾ ਦਿੱਤੀ ਗਈ ਹੋਵੇ। ਕੁਝ ਸਾਲ ਪਹਿਲਾਂ ਤਕ ਪੰਜਾਬ ਦੇ ਘਰਾਂ ਦੀ ਰਸੋਈ ਨੇੜੇ ਹੀ ਕੰਧ ਵਿੱਚ ਇੱਕ ਆਲੇ ਵਾਂਗ ਆਕਾਰ ਬਣਿਆ ਹੁੰਦਾ ਸੀ, ਜਿਸ ਵਿੱਚ ਢੋਲ ਦੀ ਸ਼ਕਲ ਦਾ ‘ਹਾਰਾ’ ਬਣਿਆ ਹੁੰਦਾ ਸੀ। ਹਾਰਾ ਪਿੰਡਾਂ ਦੀਆਂ ਔਰਤਾਂ ਦੀ ਹਸਤ ਕਲਾ ਦਾ ਗਵਾਹ ਤਾਂ ਸੀ ਹੀ, ਨਾਲ ਹੀ ਇਸ ਵਿੱਚ ਰਿੰਨ੍ਹੀਆਂ ਦਾਲਾਂ ਅਤੇ ਹੋਰ ਚੀਜ਼ਾਂ ਦਾ ਸੁਆਦ ਗੈਸ ਦੀ ਅੱਗ ’ਤੇ ਛੇਤੀ-ਛੇਤੀ ਰਿੱਝਣ ਵਾਲੀਆਂ ਦਾਲਾਂ-ਸਬਜ਼ੀਆਂ ਤੋਂ ਕਾਫ਼ੀ ਵੱਖਰਾ ਹੁੰਦਾ ਸੀ। ਹਾਰੇ ਵਿੱਚ ਪਾਥੀਆਂ ਆਦਿ ਬਾਲ ਕੇ ਦੁੱਧ, ਸਾਗ, ਖਿਚੜੀ, ਦਾਲ ਜਾਂ ਜਿਹੜੀ ਵੀ ਹੋਰ ਚੀਜ਼ ਬਣਾਉਣੀ ਹੁੰਦੀ, ਧਰ ਦਿੱਤੀ ਜਾਂਦੀ ਸੀ। ਸਾਰੇ ਦਿਨ ਵਿੱਚ ਇੱਕ-ਦੋ ਵਾਰੀ ਅੱਗ ਦਾ ਸੇਕ ਜਾਰੀ ਰੱਖਣ ਲਈ ਹੋਰ ਗੋਹੇ ਭੰਨ ਕੇ ਲਾ ਦਿੱਤੇ ਜਾਂਦੇ। ਭੋਜਨ ਬਣਾਉਣ ਦਾ ਇਹ ਕੰਮ ਮੱਠੀ ਅੱਗ ਉੱਤੇ ਹੁੰਦਾ ਸੀ।

  ਹਾਰੇ ਵਿੱਚ ਪਾਏ ਗੋਹੇ ਹੌਲੀ-ਹੌਲੀ ਸਾਰਾ ਦਿਨ ਧੁਖਦੇ ਰਹਿੰਦੇ ਤੇ ਜਿਹੜੀ ਵੀ ਚੀਜ਼ ਬਣਨੀ ਧਰੀ ਹੋਣੀ, ਬਹੁਤ ਹੀ ਸੁਆਦਲੀ ਬਣਦੀ ਸੀ। ਹਾਰੇ ਦੀ ਘਰ ਵਿੱਚ ਉਪਯੋਗਤਾ ਹੋਣ ਦੇ ਨਾਲ-ਨਾਲ ਇਸ ਨੂੰ ਕਈ ਵਾਰ ਸਜਾਵਟੀ ਤੱਤਾਂ ਨਾਲ ਸ਼ਿੰਗਾਰਿਆ ਵੀ ਜਾਂਦਾ ਸੀ। ਜਿਹੜੀਆਂ ਸੁਆਣੀਆਂ ਹਸਤ-ਕਲਾ ਦੇ ਨਮੂਨਿਆਂ ’ਚ ਜ਼ਿਆਦਾ ਮਾਹਿਰ ਹੁੰਦੀਆਂ ਸਨ, ਉਹ ਹਾਰੇ ਦੇ ਬਾਹਰਲੇ ਸਿਰੇ ਉੱਤੇ ਮੋਰ-ਘੁੱਗੀਆਂ, ਮਣਕਿਆਂ ਵਾਂਗ ਮਿੱਟੀ ਦੀ ਮਾਲਾ, ਪਸ਼ੂ-ਪੰਛੀਆਂ ਨੂੰ ਦਰਸਾਉਂਦੀਆਂ ਆਕ੍ਰਿਤੀਆਂ ਬਣਾ ਲੈਂਦੀਆਂ ਸਨ। ਪਿੰਡਾਂ ਵਿੱਚ ਮਿੱਟੀ ਦਾ ਅਜਿਹਾ ਕੰਮ, ਜੋ ਕੇਵਲ ਔਰਤਾਂ ਹੀ ਕਰਦੀਆਂ ਸਨ, ਕਿਸੇ ਕਲਾਤਮਕ ਰਚਨਾ ਤੋਂ ਘੱਟ ਨਹੀਂ ਆਖਿਆ ਜਾ ਸਕਦਾ।

  ਹਾਰੇ ਦਾ ਜ਼ਿਕਰ ਗੀਤਾਂ ਵਿੱਚ ਵੀ ਆਉਂਦਾ ਹੈ, ‘‘ਰੀਝਾਂ ਨਾਲ ਜਿਹੜਾ ਮੈਂ ਬਣਾਇਆ ਸੀ ਹਾਰਾ, ਮਾਹੀ ਉਹਦੇ ’ਚ ਅੜਕ ਕੱਲ੍ਹ ਡਿੱਗ ਪਿਆ ਵਿਚਾਰਾ…।’’ ਹੁਣ ਨਾ ਹਾਰੇ ਨਾਲ ਜੁੜੇ ਗਾਣੇ ਸੁਣਨ ਨੂੰ ਮਿਲਦੇ ਹਨ ਤੇ ਨਾ ਹੀ ਦੇਖਣ ਨੂੰ ਹਾਰੇ। ਲੰਘੇ ਵੇਲੇ ਇਹ ਹਾਰੇ ਸਾਡੇ-ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਦੇਖਣ ਨੂੰ ਮਿਲਦੇ ਸਨ, ਜੋ ਹੁਣ ਘਰਾਂ ਵਿੱਚੋਂ ਲੋਪ ਹੋ ਰਹੇ ਹਨ।

  2 notes

  ਕੌਣ ਸੀ ਇਹ ਛੱਲਾ ?

  ਕੀ ਕਹਾਣੀ ਸੀ ਛੱਲੇ ਦੀ..?

  ਗੁਰਦਾਸ ਮਾਨ ਤੇ ਛੱਲਾ ਜਿਸ ਨੂੰ ਤਕਰੀਬਨ-ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈ ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ…

  ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ ਚ’ ਕਦੇ ਛੱਲਾ ਨਾ ਗੁਣਗੁਨਾਇਆ ਹੋਵੇ|

  ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ…

  ਕੌਣ ਸੀ ਇਹ ਛੱਲਾ ??..ਕੀ ਕਹਾਣੀ ਸੀ ਛੱਲੇ ਦੀ..???

  ”ਛੱਲਾ” ਇਕ ਪਿਓ ਪੁੱਤ ਦੀ ਦਾਸਤਾਨ ਹੈ|

  ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ ਵਾਲਾ ਸੀ ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ|

  ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ| ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ
  ਉਸਦਾ ਨਾਮ ਛੱਲਾ ਰੱਖਿਆ ਸੀ| ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ ਲਾਡਾਂ ਨਾਲ ਪਾਲਿਆ| ਜਦ ਛੱਲਾ ਛੋਟਾਸੀ ਤਾਂ ਉਸਦੀ ਮਾਂ ਮਰ ਗਈ |

  ਜੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ| ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ ’ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ|ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ|

  ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਚ’ ਸਵਾਰ ਹੋਕੇ ਦਰਿਆ ‘ਚ ਚਲੇ ਗਏ|

  ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ ਨਹੀ ਮੁੜਿਆ| ਸਤਲੁਜ ਤੇ ਬਿਆਸ ‘ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ | ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ| ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ ਪਰਛੱਲਾ ਨਾ ਮਿਲਿਆ | 

  ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ | ਓਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ…
  ”ਛੱਲਾ ਮੁੜਕੇ ਨਹੀ ਆਇਆ, ਰੋਣਾ ਉਮਰਾਂ ਦਾ ਪਾਇਆ, ਮੱਲਿਆ ਮੁਲਕ ਪਰਾਇਆ …”

  ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ ਉਹ ਸੋਚਦਾ ਕਿ ਕਾਸ਼ ਉਹ ਜਿਉਂਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-ਰੋਂਦਾ ਗਾਉਣ ਲੱਗ ਜਾਂਦਾ…
  ”ਗੱਲ ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ…” 

  ਜੱਲਾ ਪਾਣੀ ਚ’ ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ? ਤਾਂ ਜੱਲਾ ਕਹਿੰਦਾ…
  ”ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ…”

  ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ…
  ”ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ ਏ, ਜਾਣਾ ਪਹਿਲੇ ਪੂਰ ਏ…”

  ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ’ ਅਪਣੀ ਜਿੰਦਗੀ ਗੁਜ਼ਾਰਦਾ ਰਿਹਾ| ਫਿਰ ਉਹ ਹਰੀਕੇ ਤੋਂ ਗੁਜਰਾਤ (ਪਾਕਿਸਤਾਨ) ਚਲਾ ਗਿਆ| ਅਪਣੀਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ ਚ’ ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ| ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈ ਹੈ |


  4 notes

  ਵਿਰਸੇ ਦੀਆਂ ਬਾਤਾਂ…ਕਿਸੇ-ਕਿਸੇ ਘਰ ਹੀ ਦਿਸਦੀਆਂ ਨੇ ਗ਼ਰੀਬਾਂ ਦੀਆਂ ਫਰਿੱਜਾਂ ‘ਘੜੇ’

  ਸੂਰਜ ਦੀ ਟਿੱਕੀ ਅੱਗ ਵਰ੍ਹਾਉਂਦੀ ਹੋਵੇ ਤੇ ਪੱਖੇ ਦੀ ਹਵਾ ਵੀ ਸਰੀਰ ਨੂੰ ਲੂੰਹਦੀ ਹੋਵੇ ਤਾਂ ਵਾਰ-ਵਾਰ ਨਹਾਉਣ ਨੂੰ ਤੇ ਠੰਢਾ ਪਾਣੀ ਪੀਣ ਨੂੰ ਮਨ ਕਰਦਾ ਏ | ਅੱਜ ਠੰਢੇ ਪਾਣੀ ਲਈ ਘਰ-ਘਰ ਫਰਿੱਜਾਂ ਨੇ, ਜਿਨ੍ਹਾਂ ਵਿਚ ਪਾਣੀ ਦੀਆਂ ਭਰ ਕੇ ਰੱਖੀਆਂ ਪਲਾਸਟਿਕ ਦੀਆਂ ਬੋਤਲਾਂ ਕੁਝ ਦੇਰ ਵਿਚ ਹੀ ਪਾਣੀ ਠੰਢਾ ਕਰ ਦਿੰਦੀਆਂ ਨੇ | ਪਰ ਜਦੋਂ ਫ਼ਰਿੱਜਾਂ ਨਹੀਂ ਸੀ ਹੁੰਦੀਆਂ, ਠੰਢੇ ਪਾਣੀ ਦੀ ਜ਼ਰੂਰਤ ਤਾਂ ਉਦੋਂ ਵੀ ਹੁੰਦੀ ਸੀ ਤੇ ਉਦੋਂ ਫਰਿੱਜਾਂ ਦਾ ਕੰਮ ਨਵੇਂ-ਨਕੋਰ ਘੜਿਆਂ ਵੱਲੋਂ ਕੀਤਾ ਜਾਂਦਾ ਸੀ |

  ਹਰ ਪਿੰਡ ਵਿਚ ਭਾਂਡੇ ਬਣਾਉਣ ਦੇ ਕਿੱਤੇ ਵਾਲੇ ਘੁਮਿਆਰਾਂ ਦੇ ਘਰ ਜ਼ਰੂਰ ਹੁੰਦੇ ਸਨ ਤੇ ਬਹੁਤੇ ਪਿੰਡਾਂ ਵਿਚ ਅੱਜ ਵੀ ਹਨ, ਬੇਸ਼ੱਕ ਹੁਣ ਉਨ੍ਹਾਂ ਵਿਚੋਂ ਕਈਆਂ ਨੇ ਆਪਣੇ ਕੰਮ ਬਦਲ ਲਏ ਹਨ | ਗਰਮੀ ਸ਼ੁਰੂ ਹੁੰਦਿਆਂ ਸਾਰ ਦੋ-ਦੋ, ਚਾਰ-ਚਾਰ ਨਵੇਂ ਘੜੇ ਲਏ ਜਾਂਦੇ ਸਨ, ਕਿਉਂਕਿ ਪੁਰਾਣੇ ਦੇ ਮੁਕਾਬਲੇ ਨਵੇਂ ਘੜੇ ਵਿਚ ਪਾਣੀ ਜ਼ਿਆਦਾ ਠੰਢਾ ਰਹਿੰਦਾ ਹੈ | ਉਸ ਉੱਪਰ ਬੋਰੀ ਜਾਂ ਕੋਈ ਕੱਪੜਾ ਗਿੱਲਾ ਕਰਕੇ ਬੰਨ੍ਹ ਦੇਣਾ ਤਾਂ ਜੁ ਘੜਾ ਗਰਮ ਨਾ ਹੋਵੇ | ਜੇ ਘੜਾ ਠੰਢਾ ਰਹੇਗਾ ਤਾਂ ਪਾਣੀ ਵੀ ਗ਼ਰਮ ਹੋਣ ਤੋਂ ਬਚਿਆ ਰਹੇਗਾ |

  ਘੁਮਿਆਰ ਦੇ ਪਰਵਾਰ ਦੀ ਰੋਜ਼ੀ-ਰੋਟੀ ਮਿੱਟੀ ਦੇ ਭਾਂਡਿਆਂ ਤੋਂ ਹੀ ਚੱਲਦੀ ਸੀ | ਘੜੇ, ਕੁੰਡੇ, ਕੁੱਜੀਆਂ, ਚੱਪਣ, ਦੀਵੇ ਤੇ ਹੋਰ ਚੀਜ਼ਾਂ ਉਸ ਵੱਲੋਂ ਬਣਾਈਆਂ ਜਾਂਦੀਆਂ | ਖੱਚਰ ਰੇਹੜੇ ‘ਤੇ ਭਾਂਡੇ ਰੱਖ ਕੇ ਪਿੰਡ ਦੀ ਫੇਰੀ ਲਾਈ ਜਾਂਦੀ | ਕੁਝ ਲੋਕ ਭਾਂਡੇ ਪੈਸਿਆਂ ਨਾਲ ਖਰੀਦਦੇ ਤੇ ਕੁਝ ਕਣਕ ਬਦਲੇ ਲੈਂਦੇ |

  ਫੇਰ ਫਰਿੱਜਾਂ ਘਰ-ਘਰ ਆਉਣੀਆਂ ਸ਼ੁਰੂ ਹੋਈਆਂ, ਵਾਟਰ ਕੂਲਰ ਆ ਗਏ ਤੇ ਘੜਿਆਂ ਦੀ ਲੋੜ ਘਟਦੀ ਘਟਦੀ ਏਨੀ ਘਟ ਗਈ ਕਿ ਅੱਜ ਸ਼ਹਿਰੀ ਘਰਾਂ ਵਿਚੋਂ ਤਾਂ ਘੜੇ ਲੱਭਣੇ ਹੀ ਔਖੇ ਨੇ | ਪਿੰਡਾਂ ਵਿਚ ਵੀ ਹੌਲੀ-ਹੌਲੀ ਇਹੀ ਹਾਲ ਹੋ ਰਿਹਾ ਏ ਤੇ ਘੁਮਿਆਰ ਦਾ ਕਿੱਤਾ ਚੌਪਟ ਹੋ ਕੇ ਰਹਿ ਗਿਆ |

  ਘੁਮਿਆਰ ਦੀ ਮਿਹਨਤ ਨੂੰ ਸਲਾਮ ਕਰਨ ਨੂੰ ਮਨ ਕਰਦਾ ਏ | ਚੀਕਨੀ ਮਿੱਟੀ ਨੂੰ ਆਟੇ ਵਾਂਗ ਬੜੀ ਮਿਹਨਤ ਨਾਲ ਗੁੰਨਿ੍ਹਆ ਜਾਂਦਾ, ਫੇਰ ਹੱਥੀਂ ਘੁਮਾਉਣ ਵਾਲੇ ਚੱਕ ‘ਤੇ ਉਸ ਮਿੱਟੀ ਨੂੰ ਵੰਨ-ਸੁਵੰਨਾ ਰੂਪ ਦਿੱਤਾ ਜਾਂਦਾ, ਫੇਰ ਕੱਚੇ ਭਾਂਡੇ ਨੂੰ ਸੁਕਾ ਕੇ ਆਵੇ ਵਿਚ ਪਕਾਇਆ ਜਾਂਦਾ ਤੇ ਬਾਅਦ ‘ਚ ਉਸ ‘ਤੇ ਵੰਨ-ਸੁਵੰਨੇ ਫੁੱਲ ਬੂਟੇ ਪਾਏ ਜਾਂਦੇ |

  ਅੱਜ ਜਦੋਂ ਘੁਮਿਆਰ ਦਾ ਕਿੱਤਾ ਹਾਸ਼ੀਏ ‘ਤੇ ਚਲਾ ਗਿਆ ਤਾਂ ਉਨ੍ਹਾਂ ਨੂੰ ਆਪਣਾ ਕਿੱਤਾ ਬਦਲਣ ਲਈ ਵੀ ਮਜਬੂਰ ਹੋਣਾ ਪਿਆ ਹੈ | ਇਸ ਕਿੱਤੇ ਨਾਲ ਜੁੜੇ ਕਈ ਲੋਕਾਂ ਦਾ ਕਹਿਣਾ ਹੈ, ‘ਸਮੇਂ ਦੀ ਮਾਰ ਪਈ ਹੈ ਸਾਡੇ ‘ਤੇ…ਜਦੋਂ ਔਲਾਦ ਇਸ ਕਿੱਤੇ ‘ਚ ਹੱਥ ਵਟਾਉਣ ਦੇ ਕਾਬਲ ਹੋਈ ਤਾਂ ਕਿੱਤਾ ਖਤਮ ਹੋਣ ‘ਤੇ ਪਹੁੰਚ ਗਿਆ…ਦੋ ਵਕਤ ਦੀ ਰੋਟੀ ਲਈ ਕੋਈ ਕੰਮ ਤਾਂ ਕਰਨਾ ਹੀ ਹੈ… |’

  ਉਨ੍ਹਾਂ ਦੀਆਂ ਇਹ ਗੱਲਾਂ ਸੁਣ ਮੈਂ ਪਸੀਜ ਜਾਂਦਾ ਹਾਂ | ਰੁਜ਼ਗਾਰ ਖੁੱਸ ਜਾਣ ਦਾ ਸੱਚੀਂ ਕਿੰਨਾ ਵੱਡਾ ਦੁੱਖ ਹੁੰਦਾ ਹੈ |

  3 notes

  ਖ਼ਤਮ ਹੋ ਰਿਹੈ ਪਿੰਡਾਂ ‘ਚ ਬਾਜ਼ੀ ਪੈਣਾ

  ਪੰਜਾਬ ਦੇ ਪਿੰਡਾਂ ‘ਚ ਕਿਸੇ ਸਮੇਂ ਮਨੋਰੰਜਨ ਦੇ ਸਾਧਨਾਂ ਦੀ ਵੱਡੀ ਕਮੀ ਹੁੰਦੀ ਸੀ, ਉਦੋਂ ਪੇਂਡੂ ਮੇਲੇ, ਮੱਲਾਂ ਦੇ ਘੋਲ, ਕਵੀਸ਼ਰਾਂ ਦੇ ਕਿੱਸੇ, ਡਰਾਮੇ, ਬਾਜ਼ੀ ਅਤੇ ਹੋਰ ਸਾਧਨਾਂ ਰਾਹੀਂ ਲੋਕ ਆਪਣਾ ਖ਼ੂਬ ਮਨੋਰੰਜਨ ਕਰਿਆ ਕਰਦੇ ਸਨ |

  ਖੇਤੀ ਦਾ ਸਾਰਾ ਕੰਮ ਹੱਥੀਂ ਹੋਣ ਕਰਕੇ ਕਿਸਾਨ-ਮਜ਼ਦੂਰ ਲੰਬਾ ਸਮਾਂ ਖੇਤੀ ਦਾ ਕੰਮ ਕਰਨ ‘ਚ ਰੁੱਝੇ ਰਹਿੰਦੇ ਸਨ |

  ਮਨੋਰੰਜਨ ਕਰਨ ਲਈ ਮਨ ਤਰਸਦਾ ਰਹਿੰਦਾ ਸੀ | ਪਿੰਡ ਜਾਂ ਗੁਆਂਢ ਪਿੰਡ ‘ਚ ਜਦ ਵੀ ਕੋਈ ਮਨੋਰੰਜਨ ਦਾ ਬਹਾਨਾ ਬਣਦਾ ਤਾਂ ਲੋਕ ਵਹੀਰਾਂ ਘੱਤ ਕੇ ਬੜੇ ਚਾਅ ਨਾਲ ਉਸ ਥਾਂ ‘ਤੇ ਬਹੁੜਦੇ ਸਨ | ਇਸ ਵਾਸਤੇ ਉਹ ਆਪਣੇ ਰੋਜ਼ਮਰ੍ਹਾ ਦੇ ਕੰਮ ਛੇਤੀ ਮੁਕਾ ਕੇ ਵਿਹਲੇ ਹੋ ਜਾਂਦੇ ਸਨ |

  ਸਮੇਂ ਦੇ ਵਹਾਅ ਨਾਲ ਬੜਾ ਕੁਝ ਬਦਲ ਜਾਂਦਾ ਹੈ | ਇਵੇਂ ਹੀ ਬਦਲੇ ਜ਼ਮਾਨੇ ‘ਚ ਤੇਜ਼ੀ ਨਾਲ ਅਲੋਪ ਹੋ ਰਹੀ ਹੈ ਪਿੰਡਾਂ ‘ਚ ਬਾਜ਼ੀ ਪੈਣਾ | ਜਿਹੜੀ ਕਿ ਕਿਸੇ ਸਮੇਂ ਪੰਜਾਬ ਦੇ ਹਰ ਵੱਡੇ-ਛੋਟੇ ਪਿੰਡ ‘ਚ ਜ਼ਰੂਰ ਪੈਂਦੀ ਸੀ | ਬਾਜ਼ੀ ਪਾਉਣ ਦਾ ਕੰਮ ਬਾਜ਼ੀਗਰ ਬਰਾਦਰੀ ਨਾਲ ਸਬੰਧਤ ਲੋਕ ਕਰਦੇ ਸਨ ਅਤੇ ਇਹ ਉਨ੍ਹਾਂ ਦਾ ਪੇਸ਼ਾ ਅਤੇ ਸ਼ੌਾਕ ਦਾ ਹਿੱਸਾ ਹੁੰਦਾ ਸੀ | ਬਾਜ਼ੀਗਰਾਂ ਦੀਆਂ ਟੀਮਾਂ ਪਿੰਡਾਂ ‘ਚ ਬਾਜ਼ੀ ਪਾਉੁਣ ਲਈ ਜਾਂਦੀਆਂ ਸਨ | ਪਿੰਡ ‘ਚ ਬਾਜ਼ੀ ਦਾ ਸੁਨੇਹਾ ਦੇਣ ਲਈ ਸਾਰੇ ਪਿੰਡ ‘ਚ ਢੋਲ ਵਜਾ ਕੇ ਇਸ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ |

  ਬਾਜ਼ੀ ਪੈਣ ਸਮੇਂ ਜਦ ਢੋਲ ‘ਤੇ ਡਗਾ ਲਗਦਾ ਤਾਂ ਪਿੰਡ ਦੀਆਂ ਔਰਤਾਂ, ਨਿਆਣੇ, ਸਿਆਣੇ ਬੰਦੇ ਝੱਟ ਬਾਜ਼ੀ ਵੇਖਣ ਲਈ ਸੱਥ ‘ਚ ਪੁੱਜ ਜਾਂਦੇ | ਬਾਜ਼ੀਗਰ ਪੁੱਠੀਆਂ ਛਾਲਾਂ ਲਾਉਂਦੇ, ਧੋਣ ਨਾਲ ਲੋਹੇ ਦਾ ਸਰੀਆ ਮੋੜਦੇ, ਇਕ ਛੋਟੇ ਜਿਹੇ ਕੜੇ ‘ਚੋਂ ਫਸ-ਫਸ ਕੇ ਤਿੰਨ ਜਣੇ ਲੰਘਦੇ, ਬਲਦੀ ਅੱਗ ‘ਚੋਂ ਲੰਘਦੇ ‘ਤੇ ਕਲਾਬਾਜ਼ੀਆਂ ਵਿਖਾਉਂਦੇ, ਇਕ ਬੰਦਾ ਸਿਰ ਤੇ ਘੜਾ ਟਿਕਾਉਂਦਾ ਤੇ ਦੂਜਾ ਘੜੇ ‘ਤੇ ਚੜ੍ਹ ਕੇ ਕੋਈ ਗੀਤ ਗਾੳਾੁਦਾ ਸੀ | ਜਦ ਵੀ ਕੋਈ ਬਾਜ਼ੀਗਰ ਬਾਜ਼ੀ ਦੇ ਕਰਤੱਬ ਵਿਖਾ ਕੇ ਹਟਦਾ ਤਾਂ ਉਹ ਦਰਸ਼ਕਾਂ ਕੋਲ ਗੇੜਾ ਲਾਉਂਦਾ ਤਾਂ ਉਹ ਕਲਾ ਤੋਂ ਖ਼ੁਸ਼ ਹੋ ਕੇ ਉਸ ਨੂੰ ਨਕਦ ਰੁਪਏ ਦਿੰਦੇ ਸਨ | ਲੱਕੜ ਦੀ ਪੌੜੀ ਨਾਲ ਮੰਜਾ ਬੰਨ੍ਹ ਕੇ ਫੱਟੀ ਤੋਂ ਜੰਪ ਲੈ ਕੇ ਮੰਜੇ ਉੱਪਰੋਂ ਛਾਲਾਂ ਲਾਉਣੀਆਂ, ਫਿਰ ਇਨ੍ਹਾਂ ਛਾਲਾਂ ‘ਤੇ ਝੰਡੀਆਂ ਬੱਝਦੀਆਂ, ਸ਼ਰਤਾਂ ਲਗਦੀਆਂ ਸਨ | ਬਾਜ਼ੀ ਦੀ ਸਮਾਪਤੀ ਮੌਕੇ ਪਿੰਡ ਵਾਸੀ ਬਾਜ਼ੀਗਰਾਂ ਨੂੰ ਕਣਕ, ਕੱਪੜੇ, ਨਕਦੀ ਅਤੇ ਹੋਰ ਜ਼ਰੂਰੀ ਸਮਾਨ ਤੋਹਫ਼ੇ ਵਜੋਂ ਦਿੰਦੇ ਸਨ, ਜਿਨ੍ਹਾਂ ਦਾ ਜ਼ਿਕਰ ਬਾਜ਼ੀ ਪਾਉਣ ਵਾਲੇ ਅਗਲੇ ਪਿੰਡਾਂ ‘ਚ ਕਰਦੇ ਸਨ |

  ਅੱਜ ਜਦੋਂ ਪਿੰਡਾਂ ‘ਚ ਮਨੋਰੰਜਨ ਦੇ ਮਣਾਂਮੂੰਹੀਂ ਸਾਧਨ ਪਹੁੰਚ ਚੁੱਕੇ ਹਨ ਤਾਂ ਬਾਜ਼ੀ ਪੈਣੀ ਅਲੋਪ ਹੋਣੀ ਸ਼ੁਰੂ ਹੋ ਗਈ ਹੈ, ਪੰਜਾਬ ਦੇ ਵਿਰਲੇ-ਟਾਂਵੇ ਪਿੰਡ ਹੋਣਗੇ, ਜਿੱਥੇ ਬਾਜ਼ੀ ਪੈਂਦੀ ਹੋਵੇਗੀ | ਕੇਵਲ ਅਭਿਆਸ ਦੁਆਰਾ ਕਲਾਬਾਜ਼ੀ ਦਿਖਾਉਣ ਵਾਲੇ ਬਾਜ਼ੀਗਰ ਹੁਣ ਨਹੀਂ ਰਹੇ | ਬਾਜ਼ੀਗਰਾਂ ਦੀ ਅਗਲੀ ਪੀੜ੍ਹੀ ਇਸ ਕਿੱਤੇ ਨੂੰ ਅਪਨਾਉਣ ਨੂੰ ਤਿਆਰ ਨਹੀਂ ਹੈ, ਜਿਸ ਕਰਕੇ ਇਸ ਦਾ ਅਲੋਪ ਹੋਣਾ ਸੁਭਾਵਿਕ ਗੱਲ ਹੈ |

  ਮਾਲਵੇ ‘ਚ ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਜੀ ਦੇ ਸਾਲਾਨਾ ਮੇਲੇ ‘ਤੇ ਜਾਂ ਵਿਰਾਸਤੀ ਮੇਲਿਆਂ ‘ਚ ਬਾਜ਼ੀਗਰਾਂ ਦੇ ਕਰਤੱਬ ਵੇਖੇ ਜਾ ਸਕਦੇ ਹਨ, ਨਹੀਂ ਤਾਂ ਉਂਝ ਕਿਤੇ ਬਾਜ਼ੀ ਦੇ ਦਰਸ਼ਨ ਨਸੀਬ ਨਹੀਂ ਹੁੰਦੇ |

  4 notes

  Nihang Singhs at Holla Mohalla Festival in Anandpur Sahib (Punjab)

  16 notes

  Nihang Singh’s at Holla Mohalla Festival in Anandpur Sahib (Punjab)

  11 notes

  Holla Mohalla Festival (Anandpur Sahib-Punjab)

  2 notes

  ਮਿੱਟੀ ਦੇ ਭਾਂਡੇ ਬਣਾਉਣ ਵਾਲਿਆਂ ਦਾ ਕੋਈ ਖ਼ੈਰਖ਼ਾਹ ਹੈ?

  ਸਟੀਲ, ਪਲਾਸਟਿਕ ਤੇ ਹੋਰ ਚੀਜ਼ਾਂ ਨਾਲ ਬਣੇ ਬਰਤਨਾਂ ਦੇ ਇਸ ਯੁੱਗ ਵਿੱਚ ਮਿੱਟੀ ਦੇ ਬਰਤਨਾਂ ਦਾ ਅੱਜ ਪਹਿਲਾਂ ਵਾਲਾ ਮਹੱਤਵ ਨਹੀਂ ਰਿਹਾ।  ਗਰਮੀਆਂ ਆਉਂਦੀਆਂ ਹਨ ਤਾਂ ਮਿੱਟੀ ਦੇ ਬਣੇ ਘੜਿਆਂ ਦੀ ਥੋੜ੍ਹੀ ਬਹੁਤ ਮੰਗ ਹੁੰਦੀ ਹੈ। ਘਰ-ਘਰ ਵਿੱਚ ਫਰਿੱਜ ਹੋਣ ਦੇ ਕਾਰਨ ਘੜਿਆਂ ਦੀ ਕੋਈ ਬਹੁਤੀ ਪੁੱਛਗਿੱਛ ਨਹੀਂ ਰਹੀ। ਜਿਸ ਵੇਲੇ ਇਨ੍ਹਾਂ ਦੀ ਪੁੱਛਗਿੱਛ ਸੀ, ਉਸ ਵੇਲੇ ਵੀ ਘੁਮਿਆਰ ਮਸਾਂ ਹੀ ਰੋਟੀ ਖਾਂਦੇ ਸਨ। ਅੱਜ-ਕੱਲ੍ਹ ਵੀ ਓਹੋ ਹੀ ਹਾਲ ਹੈ। ਦੀਵਾਲੀ ਤੋਂ ਪਹਿਲਾਂ ਲੱਗੇ ਸੀਜ਼ਨ ਨਾਲ ਕਮਾਏ ਰੁਪਈਆਂ ਨਾਲ ਸਿਆਲ ਕੱਢ ਲੈਂਦੇ ਹਨ ਤੇ ਗਰਮੀਆਂ ਨੂੰ ਫੇਰ ਬਲਦ ਵਾਂਗੂੰ ਜੁੜ ਜਾਂਦੇ ਹਨ। ਇਹ ਮਿੱਟੀ ਨੂੰ ਆਪਣੀ ਕਲਾ ਨਾਲ ਭਾਂਤ-ਭਾਂਤ ਦੇ ਰੂਪਾਂ ਢਾਲ ਕੇ ਨਵੀਂ ਤੋਂ ਨਵੀਂ ਚੀਜ਼ ਬਣਾਉਂਦੇ ਹਨ, ਜਿਵੇਂ ਘੜੇ,  ਸੁਰਾਹੀ, ਗੋਲਕ, ਗਮਲੇ, ਝਾਵੇਂ, ਫੁੱਲਦਾਨ, ਮਿੱਟੀ ਦੇ ਖਿਡੌਣੇ, ਜੱਗ, ਟੀ-ਸੈੱਟ, ਪੇਪਰਵੇਟ ਆਦਿ ਬਣਾਉਂਦੇ ਹਨ। ਇਨ੍ਹਾਂ ਦੁਆਰਾ ਬਣਾਈਆਂ ਚੀਜ਼ਾਂ ਜ਼ਿਆਦਾਤਰ ਜੈਪੁਰ, ਜੋਧਪੁਰ, ਬੀਕਾਨੇਰ, ਕੋਟਾ, ਅਹਿਮਦਾਬਾਦ, ਹੈਦਰਾਬਾਦ, ਇਲਾਹਬਾਦ, ਲਖਨਊ, ਬਨਾਰਸ, ਭੁਪਾਲ, ਬੰਬਈ, ਕਲਕਤਾ, ਅੰਮ੍ਰਿਤਸਰ ਤੇ ਪੁਣੇ ਲਿਜਾਈਆਂ ਜਾਂਦੀਆਂ ਹਨ। ਬਾਕੀ ਕੰਮਾਕਾਰਾਂ ਵਾਂਗ ਘੁਮਿਆਰਾਂ ਦੇ ਇਸ ਕੰਮ ਵਿੱਚ ਵੀ ਕਾਫ਼ੀ ਉਤਾਰ ਚੜਾਅ ਆਏ ਪਰ ਹੁਣ ਇਹ ਧੰਦਾ ਬਹੁਤ ਮਹਿੰਗਾ ਪੈਂਦਾ ਹੈ। ਇਨ੍ਹਾਂ ਕਈ ਘੁਮਿਆਰਾਂ ਨੂੰ ਤਾਂ ਇਸ ’ਚੋਂ ਰੋਟੀ ਵੀ ਨਸੀਬ ਨਹੀਂ ਹੁੰਦੀ। ਇਸ ਪੇਸ਼ੇ ’ਚ ਅਨੇਕਾਂ ਸਮੱਸਿਆਵਾਂ ਆ ਰਹੀਆਂ ਹਨ। ਸਭ ਤੋਂ ਪਹਿਲਾਂ ਮਿੱਟੀ ਦੀ ਸਮੱਸਿਆ ਹੈ। ਮਿੱਟੀ ਹੀ ਇਸ ਕੰਮ ਦਾ ਆਧਾਰ ਹੈ। ਇਹ ਮਿੱਟੀ ਪਿੰਡਾਂ ’ਚ ਛੱਪੜਾਂ ਤੋਂ ਆਉਂਦੀ ਹੈ ਤੇ ਇਸ ਨੂੰ ਕਾਲੀ ਮਿੱਟੀ ਕਹਿੰਦੇ ਹਨ। ਮਿੱਟੀ ਦੀ ਇੱਕ ਟਰਾਲੀ ਹਜ਼ਾਰ ਰੁਪਏ ਵਿੱਚ ਪੈਂਦੀ ਹੈ। ਸ਼ਾਮਲਾਟ ਵਾਲੇ ਸੌ-ਸੌ ਨਖਰੇ ਕਰਦੇ ਹਨ। ਇਸ ਤੋਂ ਬਾਅਦ ਬਾਲਣ ਦੀ ਸਮੱਸਿਆ ਹੈ। ਪਹਿਲਾਂ-ਪਹਿਲਾਂ ਤਾਂ ਸੈਲਰਾਂ ਵਾਲੇ ਮੁਫ਼ਤ ਧੱਕੇ ਨਾਲ ਫੱਕ ਸੁੱਟ ਕੇ ਜਾਂਦੇ ਸਨ ਪਰ ਅੱਜ-ਕੱਲ੍ਹ ਉਹ ਵੀ ਮੁੱਲ ਮਿਲਦੀ ਹੈ। ਕੋਲਾ, ਲੱਕੜਾਂ, ਪਾਥੀਆਂ ਆਦਿ ਮੁੱਲ ਲੈਣਾ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ। ਸਰਕਾਰ ਵੱਲੋਂ ਇਨ੍ਹਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ ਹੈ। ਮਿੱਟੀ ਤੇ ਬਾਲਣ ਤੋਂ ਬਾਅਦ ਇਨ੍ਹਾਂ ਨੂੰ ਇੱਕ ਹੋਰ ਜਿਸ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਹੈ ਟਰਾਂਸਪੋਰਟ। ਟਰੱਕ ਯੂਨੀਅਨ ਵਾਲੇ ਇਨ੍ਹਾਂ ਤੋਂ ਵੀ ਆਮ ਵਪਾਰੀਆਂ ਵਾਂਗ ਹੀ ਕਿਰਇਆ ਲੈਂਦੇ ਹਨ। ਜੇ ਕਿਤੇ ਇਹ ਬਾਹਰੋਂ ਗੱਡੀ ਲੈ ਕੇ ਆਉਂਦੇ ਨੇ ਤਾਂ ਇਨ੍ਹਾਂ ਨੂੰ ਮਾੜਾ-ਚੰਗਾ ਕਹਿੰਦੇ ਹਨ। ਇਨ੍ਹਾਂ ਘਮਿਆਰਾਂ ਦੀ ਇੱਕ ਹੋਰ ਸ਼ਿਕਾਇਤ ਹੈ ਕਿ ਇਨ੍ਹਾਂ ਤੋਂ ਸਰਕਾਰੀ ਕਰਮਚਾਰੀ ਟੈਕਸ ਵਸੂਲ ਲੈਂਦੇ ਹਨ। ਜਦੋਂਕਿ ਮਿੱਟੀ ਦੇ ਜਿਨ੍ਹਾਂ ਭਾਂਡਿਆਂ ਨੂੰ ਗਲੈਂਡ ਨਾ ਕੀਤਾ ਹੋਵੇ, ਉਸ ’ਤੇ ਕੋਈ ਵੀ ਟੈਕਸ ਨਹੀਂ ਲੱਗਦਾ।

  ਇਸ ਪੇਸ਼ੇ ’ਚ ਸੱਤਰ ਸਾਲ ਤੋਂ ਪਏ ਹਰਲਾਲ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਨਵੀਆਂ ਤਕਨੀਕਾਂ ਆ ਰਹੀਆਂ ਹਨ ਤੇ ਕਲਾ ’ਚ ਸਜੀਵਤਾ ਤੇ ਦ੍ਰਿੜ੍ਹਤਾ ਆ ਰਹੀ ਹੈ, ਉਵੇਂ ਹੀ ਘੁਮਿਆਰ ਇਸ ਧੰਦੇ ਨੂੰ ਛੱਡ ਰਹੇ ਹਨ। ਇਸ ਧੰਦੇ ’ਚ ਕੋਈ ਪੈਸਾ ਨਹੀਂ, ਆਪਣੀ ਸਾਰੀ ਉਮਰ ਗਾਲ ਦਿੱਤੀ। ਸਾਰੀ ਉਮਰ ਚੰਗੀ ਰੋਟੀ ਨੂੰ ਤਰਸਦੇ ਰਹੇ। ਸਭ ਭੁੱਖ ਨੰਗ ਨਾਲ ਘੁਲਦੇ ਹਾਂ। ਬੱਚਿਆਂ ਦਾ ਇਸ ਕੰਮ ਪ੍ਰਤੀ ਕੋਈ ਰੁਝਾਨ ਨਹੀਂ ਹੈ। ਜੇ ਮੀਂਹ ਆ ਜਾਵੇ ਤਾਂ ਅਸੀਂ ਸਾਰਾ ਟੱਬਰ ਘੜੇ ਚੁੱਕ ਕੇ ਅੰਦਰ ਰੱਖਦੇ ਹਾਂ। ਜੇ ਕਿਤੇ ਠੋਕਰ ਨਾਲ ਘੜਾ ਜਾਂ ਕੋਈ ਵੀ ਭਾਂਡਾ ਬੱਚੇ ਕੋਲੋਂ ਟੁੱਟ ਜਾਵੇ ਤਾਂ ਉਸ ਨੂੰ ਕੁੱਟਦੇ ਹਾਂ ਪਰ ਜਦੋਂ ਅਸੀਂ ਭਾਂਡੇ ਅੱਗ ’ਚ ਬਣਾ ਰਹੇ ਹੁੰਦੇ ਹਾਂ ਤਾਂ ਵੀਹ ਫ਼ੀਸਦੀ ਟੁੱਟ ਹੀ ਜਾਂਦੇ ਹਨ।

  ਉਹ ਜਰ ਲੈਂਦੇ ਹਨ ਪਰ ਆਪਣੇ ਕੋਲੋਂ ਟੁੱਟਿਆ ਘੜਾ ਨਹੀਂ ਜਰ ਸਕਦੇ। ਜੇ ਘੜੇ ਦਾ ਸੌ ਰੁਪਏ ਮੰਗਦੇ ਹਨ ਤਾਂ ਲੋਕ ਕਹਿੰਦੇ ਹਨ ਕਿ ਇਹ ਬਹੁਤ ਮਹਿੰਗੇ ਹਨ। ਮਿੱਟੀ ਦੇ ਭਾਂਡਿਆਂ ਦੀ ਵਿਕਰੀ ਬਹੁਤ ਘੱਟ ਰਹਿ ਗਈ ਹੈ। ਕਈ ਲੋਕ ਆ ਕੇ ਕਹਿੰਦੇ ਨੇ ਕਿ ਛੋਟਾ ਜਿਹਾ ਘੜਾ ਦੇ ਦਿਉ ਸਮਸ਼ਾਨ ’ਚ ਭੰਨਣਾ ਹੈ। ਸਾਡੇ ਕੋਲ ਜ਼ਿਆਦਾਤਰ ਇਹੋ ਜਿਹੇ ਲੋਕ ਹੀ ਘੜਾ ਖ਼ਰੀਦ ਕੇ ਲੈ ਜਾਂਦੇ ਹਨ। ਕੋਈ ਕਹਿੰਦਾ ਹੈ ਕਿ ਇੱਕ ਘੜਾ ਦੇ ਦਿਓ ਸਾਡੇ ਬੁੜੇ ਨੂੰ ਫ਼ਰਿੱਜ ਦਾ ਪਾਣੀ ਸਵਾਦ ਨਹੀਂ ਲੱਗਦਾ ਜਾਂ ਡਾਕਟਰ ਨੇ ਕਿਹਾ ਹੈ ਕਿ ਬੁੜੇ ਨੂੰ ਫ਼ਰਿੱਜ ਦਾ ਪਾਣੀ ਨਹੀਂ ਦੇਣਾ। ਘੜੇ ਦਾ ਪਾਣੀ ਸਾਡੀ ਸਿਹਤ ਲਈ ਬਹੁਤ ਚੰਗਾ ਹੈ।

  ਅੱਜ-ਕੱਲ੍ਹ ਕੁਝ ਲੋਕ ਗਮਲੇ ਲੈ ਕੇ ਜਾਂਦੇ ਹਨ। ਲੋਕ ਕੋਠੀ ਤੇ ਤਾਂ ਲੱਖਾਂ ਰੁਪਏ ਲਾ ਦਿੰਦੇ ਹਨ ਪਰ ਵੀਹਾਂ ਰੁਪਇਆਂ ਦਾ ਗਮਲਾ ਖ਼ਰੀਦਣ ਵੇਲੇ ਸੌ ਵਾਰੀ ਸੋਚਦੇ ਹਨ। ਲੋਕਾਂ ਨੂੰ ਇਨ੍ਹਾਂ ਦੀ ਕਲਾ ਤੇ ਮਿਹਨਤ ਦਾ ਮੁੱਲ ਦੇਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਮਿੱਟੀ ਦੇ ਘਾੜਿਆਂ ਬਾਰੇ ਸੋਚੇ। ਇਨ੍ਹਾਂ ਨੂੰ ਕਰਜ਼ੇ ਘੱਟ ਵਿਆਜ ’ਤੇ ਮਿਲਣ। ਕਾਗਜ਼ਾਂ ’ਚ ਤਾਂ ਬਹੁਤ ਸਕੀਮਾਂ ਹਨ ਪਰ ਅਸਲ ’ਚ ਸਹੂਲਤਾਂ ਮਿਲਣ ਤਾਂ ਕਿ ਇਹ ਆਪਣੀ ਕਲਾ ਨੂੰ ਜਿਊਂਦੇ ਰੱਖ ਸਕਣ।

  3 notes

  Punjabi Woman wearing a traditional Lehnga from the (1970s).

  Punjabi Woman wearing a traditional Lehnga from the (1970s).

  296 notes

  Tere Bajre Di Raakhi…

  Singer: Farida Khanum.

  2 notes

  ਪੰਜਾਬੀ ਸੱਭਿਆਚਾਰ ਵਿਚ ਮਹਿੰਦੀ

  ਮਹਿੰਦੀ ਤੋਂ ਹਰ ਕੋਈ ਵਾਕਿਫ਼ ਹੈ ਹਰੇ ਰੰਗ ਦੀ ਮਹਿੰਦੀ ਨੂੰ ਜਦ ਹੱਥਾਂ ਉੱਤੇ ਲਗਾਇਆ ਜਾਂਦਾ ਹੈ ਤਦ ਉਸ ਦਾ ਰੰਗ ਲਾਲ ਸੂਹਾ ਬਣ ਕੇ ਹੱਥਾਂ ਉਤੇ ਆਉਂਦਾ ਹੈ। ਪੰਜਾਬੀ ਸੱਭਿਆਚਾਰ ਵਿਚ ਵਿਆਹ ਚਾਹੇ ਮੁੰਡੇ ਦਾ ਹੋਵੇ ਜਾਂ ਕੁੜੀ ਦਾ ਮਹਿੰਦੀ ਲਗਾਉਣ ਦੀ ਰਸਮ ਨੂੰ ਵਿਆਹ ਤੋਂ ਇਕ ਜਾਂ ਦੋ ਦਿਨ ਪਹਿਲਾਂ ਬਹੁਤ ਹੀ ਚਾਅ ਤੇ ਖੁਸ਼ੀ ਨਾਲ ਪੂਰਾ ਕੀਤਾ ਜਾਂਦਾ ਹੈ।

  ਪੁਰਾਣੇ ਸਮਿਆਂ ਵਿਚ ਵਿਆਹ ਮੌਕੇ ਮਹਿੰਦੀ ਦੇ ਪੱਤੇ ਸੁਕਾ ਕੇ ਉਨ੍ਹਾਂ ਨੂੰ ਬਰੀਕ ਪੀਸ ਲਿਆ ਜਾਂਦਾ ਸੀ। ਫਿਰ ਉਸ ਦਾ ਗਾੜ੍ਹਾ ਘੋਲ ਤਿਆਰ ਕਰ ਲਿਆ ਜਾਂਦਾ ਸੀ। ਸਾਦੇ ਢੰਗ ਨਾਲ ਹੀ ਵਿਆਹ ਵਾਲੀ ਕੁੜੀ ਜਾਂ ਮੁੰਡੇ ਦੇ ਹੱਥਾਂ ਦੀਆਂ ਤਲੀਆਂ ‘ਤੇ ਮਹਿੰਦੀ ਲਗਾਈ ਜਾਂਦੀ ਸੀ। ਵਿਆਹ ਵੇਲੇ ਕੁੜੀ ਆਪਣੀ ਮਾਂ ਨੂੰ ਮਹਿੰਦੀ ਵਾਸਤੇ ਕੁਝ ਇਸ ਤਰ੍ਹਾਂ ਕਹਿੰਦੀ:

  ਨੀ ਲੈ ਦੇ ਮਾਏ ਕਾਲਿਆਂ ਬਾਗਾਂ ਦੀ ਮਹਿੰਦੀ,
  ਮਹਿੰਦੀ ਦਾ ਰੰਗ ਸੂਹਾ ਤੇ ਸਾਵਾ
  ਵਹੁਟੀ ਬਣ-ਬਣ ਬਹਿੰਦੀ,
  ਨੀ ਲੈ ਦੇ ਮਾਏ…।

  ਵਿਆਹ ਵਾਲੀ ਕੁੜੀ ਜਾਂ ਮੁੰਡੇ ਨੂੰ ਉਸ ਦੀ ਮਾਂ ਤੇ ਤਾਈਆਂ ਚਾਚੀਆਂ ਵੱਲੋਂ ਮਹਿੰਦੀ ਲਗਾਈ ਜਾਂਦੀ ਹੈ, ਨਾਲ ਹੀ ਗਾ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਅਸੀਸ ਦਿੰਦੀਆਂ ਹਨ:

  ਤੂੰ ਮਹਿੰਦੀ ਲਾ ਜੀਵਨ ਜੋਗਿਆ,
  ਮਹਿੰਦੀ ਲਾ ਕੇ ਸਹੁਰੇ ਘਰ ਜਾ।
  ਤੂੰ ਮਹਿੰਦੀ ਲਾ ਜੀਵਨ ਜੋਗੀਏ,
  ਮਹਿੰਦੀ ਲਾ ਕੇ ਸਹੁਰੇ ਘਰ ਜਾ।

  ਜੇ ਕਿਤੇ ਕਿਸੇ ਮੁਟਿਆਰ ਦਾ ਮਾਹੀ ਉਸ ਨੂੰ ਆਪਣੇ ਖੇਤਾਂ ਵਿਚੋਂ ਪੰਛੀ ਉਡਾ ਕੇ ਫ਼ਸਲ ਦੀ ਰਾਖੀ ਕਰਨ ਵਾਸਤੇ ਕਹਿ ਦੇਵੇ ਤਾਂ ਉਹ ਮਨ੍ਹਾ ਕਰ ਦਿੰਦੀ ਹੈ ਕਿ ਕਿਤੇ ਉਸ ਦੀ ਲਗਾਈ ਹੋਈ ਮਹਿੰਦੀ ਖ਼ਰਾਬ ਨਾ ਹੋ ਜਾਵੇ:

  ਤੇਰੇ ਬਾਜਰੇ ਦੀ ਰਾਖੀ ਢੋਲਾ ਮੈਂ ਨਾ ਬਹਿੰਦੀ ਵੇ,
  ਜੇ ਮੈਂ ਤਾੜੀ ਮਾਰ ਉਡਾਵਾਂ, ਮੇਰੀ ਮਹਿੰਦੀ ਲਹਿੰਦੀ ਵੇ,
  ਤੇਰੇ ਬਾਜਰੇ ਦੀ ਰਾਖੀ…

  ਸਮਾਂ ਬਦਲਣ ਦੇ ਨਾਲ ਮਹਿੰਦੀ ਲਗਾਉਣ ਦੇ ਤਰੀਕੇ ਬਦਲਣ ਲੱਗੇ ਹਨ। ਬਾਜ਼ਾਰ ਵਿਚ ਕਈ ਤਰ੍ਹਾਂ ਦੀ ਤਿਆਰ ਮਹਿੰਦੀ ਮਿਲ ਜਾਂਦੀ ਹੈ। ਮਹਿੰਦੀ ਲਗਾਉਣ ਵਾਸਤੇ ਕਈ ਖ਼ਾਸ ਕਿਸਮ ਦੇ ਕਾਰੀਗਰ ਬੁੱਕ ਕੀਤੇ ਜਾਂਦੇ ਹਨ। ਵਿਆਹ-ਸ਼ਾਦੀ ਤੇ ਹੋਰ ਤਿਉਹਾਰਾਂ ਮੌਕੇ ਮਹਿੰਦੀ ਲਗਾਉਣ ਵਾਲੇ ਕਾਰੀਗਰਾਂ ਦਾ ਖ਼ਾਸ ਪ੍ਰਬੰਧ ਕੀਤਾ ਜਾਂਦਾ ਹੈ। ਮਹਿੰਦੀ ਲਗਾਉਣ ਦੇ ਤਰੀਕੇ ਬੇਸ਼ੱਕ ਬਦਲਦੇ ਰਹਿਣਗੇ ਪਰ ਮਹਿੰਦੀ ਦਾ ਸਬੰਧ ਹਮੇਸ਼ਾ ਹੀ ਖੁਸ਼ੀਆਂ-ਚਾਵਾਂ, ਸੱਧਰਾਂ ਤੇ ਪਿਆਰ ਸੁਹੱਪਣ ਨਾਲ ਜੁੜਿਆ ਰਹੇਗਾ।

  2 notes

  A scene in every village of Punjab.

  A scene in every village of Punjab.

  53 notes